ਭਵਾਨੀਗੜ੍ਹ, 1 ਮਾਰਚ (ਫੱਗੂਵਾਲਾ)-ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਨੂੰ ਪੰਜਾਬ ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀ ਐਕਟ 1961 (ਪੰਜਾਬ ਐਕਟ ਨੰਬਰ 23 ਸਨ 1961) ਦੀ ਧਾਰਾ 15 ਅਧੀਨ ਪ੍ਰਦਤ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਪੱਤਰ ਨੰਬਰ 1/1/ 2023 / ਐਮ-5/ 3948 ਰਾਹੀਂ ਉਸ ਨੂੰ ਉਸ ਦੇ ਚੇਅਰਮੈਨ ਦੇ ਅਹੁਦੇ ਤੋਂ ਫ਼ਾਰਗ ਕਰ ਦੇਣ ਦੀ ਖ਼ਬਰ ਹੈ | ਇਸ ਸਬੰਧੀ ਭੇਜੇ ਪੱਤਰ ਜਿਸ ਵਿਚ ਪ੍ਰਸ਼ਾਸਕੀ ਸਕੱਤਰ ਜਸਪ੍ਰੀਤ ਸਿੰਘ ਥਿੰਦ ਦੇ ਦਸਤਖ਼ਤ ਹਨ, ਕਿ ਉਕਤ ਚੇਅਰਮੈਨ ਸਬੰਧੀ ਖੇਤੀਬਾੜੀ ਵਿਭਾਗ ਤੋਂ ਇਕ ਪੱਤਰ ਮਿਲਿਆ ਸੀ, ਜਿਸ ਵਿਚ ਉਕਤ ਚੇਅਰਮੈਨ ਜਗਸੀਰ ਸਿੰਘ ਜੋ ਕਿ ਕਮਿਸ਼ਨ ਏਜੰਟ-ਟ੍ਰੇਡਰ ਲਾਇਸੈਂਸ ਹੈ, ਜਿਸ ਨੂੰ ਉਸ ਨੂੰ ਉਸ ਨੇ ਧਾਰਾ 10 ਅਤੇ ਇਸ ਦੇ ਨਿਯਮਾਂ ਅਧੀਨ ਕਾਰੋਬਾਰ ਨਹੀਂ ਕੀਤਾ, ਜਿਸ ਕਰ ਕੇ ਇਹ ਲਾਇਸੈਂਸ ਇਕ ਵੱਖਰੇ ਪੱਤਰ ਰਾਹੀਂ ਰੱਦ ਕਰ ਦਿੱਤਾ ਗਿਆ ਸੀ | ਉਸ ਅਧੀਨ 2 ਦਿਨ ਪਹਿਲਾਂ ਜਾਰੀ ਕੀਤੇ ਪੱਤਰ ਜਿਸ ਬਾਰੇ ਅਧਿਕਾਰੀਆਂ ਨੂੰ ਅੱਜ ਪਤਾ ਲੱਗਣ 'ਤੇ ਉਨ੍ਹਾਂ ਦੀ ਚੇਅਰਮੈਨੀ ਰੱਦ ਹੋ ਗਈ | ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਚੇਅਰਮੈਨ ਦੀ ਚੇਅਰਮੈਨੀ ਰੱਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਜਗਸੀਰ ਸਿੰਘ ਨੂੰ ਵੀ ਨੋਟ ਕਰਾ ਦਿੱਤਾ ਹੈ | ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ | ਇਸ ਚੇਅਰਮੈਨ ਦੀ ਚੇਅਰਮੈਨੀ ਰੱਦ ਹੋਣ ਦੇ ਜਾਰੀ ਪੱਤਰ 'ਤੇ ਹਲਕਾ ਸੰਗਰੂਰ ਦੀ ਸਿਆਸਤ ਗਰਮਾ ਗਈ ਹੈ, ਇਸ ਪੱਤਰ ਬਾਰੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਚੱਲ ਰਹੀ ਹੈ | ਜਗਸੀਰ ਸਿੰਘ ਝਨੇੜੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਖ਼ਾਸਮਖ਼ਾਸ ਵਿਅਕਤੀਆਂ ਵਿਚੋਂ ਸਨ |