ਸੁਨਾਮ ਊਧਮ ਸਿੰਘ ਵਾਲਾ, 1 ਮਾਰਚ (ਭੁੱਲਰ, ਧਾਲੀਵਾਲ)-ਸੁਨਾਮ ਨੇੜਲੇ ਪਿੰਡ ਜਗਤਪੁਰਾ ਦੇ ਇਕ ਨੌਜਵਾਨ ਦੀ ਮਾਨਸਾ ਦੀ ਅਨਾਜ ਮੰਡੀ 'ਚ ਸ਼ੈੱਡ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਮਿ੍ਤਕ ਦੇ ਚਾਚਾ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਜਸਪ੍ਰੀਤ ਸਿੰਘ (19) ਪੁੱਤਰ ਜਗਤਾਰ ਸਿੰਘ ਵਾਸੀ ਜਗਤਪੁਰਾ ਜੋ ਦਿਹਾੜੀਦਾਰ ਵਜੋਂ ਕੰਮ ਕਰਕੇ ਆਪਣੇ ਬੁੱਢੇ ਮਾਤਾ ਪਿਤਾ ਸਮੇਤ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਅਤੇ ਇਸੇ ਸਿਲਸਿਲੇ 'ਚ ਉਹ ਮਾਨਸਾ ਗਿਆ ਹੋਇਆ ਸੀ | ਇਸੇ ਦੌਰਾਨ ਉਹ ਅਨਾਜ ਮੰਡੀ ਮਾਨਸਾ 'ਚ ਬਣ ਰਹੇ ਇਕ ਸ਼ੈੱਡ 'ਤੇ ਕੰਮ ਕਰਦਾ ਅਚਾਨਕ ਡਿਗ ਗਿਆ | ਜਿਸ ਨੂੰ ਇਲਾਜ ਲਈ ਮਾਨਸਾ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਬਠਿੰਡਾ ਭੇਜ ਦਿੱਤਾ | ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |