ਮਲੇਰਕੋਟਲਾ, 1 ਮਾਰਚ (ਮੁਹੰਮਦ ਹਨੀਫ਼ ਥਿੰਦ) - ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਮਰਹੂਮ ਹਾਜੀ ਇਕਰਾਮ ਅਲੀ ਉਰਫ਼ ਕਾਮੇ ਖ਼ਾਨ ਦੇ ਪੋਤੇ ਅਤੇ ਆਜ਼ਮ ਅਲੀ ਖ਼ਾਨ ਦੇ ਹੋਣਹਾਰ ਸਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਹਾਤਿਮ ਅਲੀ ਖ਼ਾਨ ਨੇ ਸ਼੍ਰੋਮਣੀ ਅਕਾਲੀ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ | ਉਪਰੋਕਤ ਜਾਣਕਾਰੀ ਦਿੰਦਿਆਂ ਯੂਥ ਆਗੂ ਹਾਤਿਮ ਅਲੀ ਖ਼ਾਨ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਬਹੁਤ ਸੁਖਾਵੇਂ ਮਾਹੌਲ ਵਿਚ ਹੋਈ | ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰਾਂ ਨੂੰ ਅਕਾਲੀ ਦਲ ਵਲੋਂ ਹਮੇਸ਼ਾ ਹੀ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਅਤੇ ਭਵਿੱਖ 'ਚ ਵੀ ਬਣਦਾ ਮਾਣ ਤੇ ਸਤਿਕਾਰ ਦਿੱਤਾ ਜਾਂਦਾ ਰਹੇਗਾ | ਹਾਤਿਮ ਅਲੀ ਖ਼ਾਨ ਨੇ ਕਿਹਾ ਕਿ 9 ਮਾਰਚ ਨੂੰ ਜ਼ਿਲ੍ਹਾ ਮਲੇਰਕੋਟਲਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਸਾਰੀਆਂ ਰੈਲੀਆਂ ਦੇ ਰਿਕਾਰਡ ਤੋੜ ਕੇ ਇਤਿਹਾਸ ਸਿਰਜੇਗੀ | ਜਿਸ ਦੀਆਂ ਤਿਆਰੀਆਂ ਲਈ ਨੌਜਵਾਨਾਂ ਅੰਦਰ ਪੂਰਾ ਜੋਸ਼ ਪਾਇਆ ਜਾ ਰਿਹਾ ਹੈ | ਇਸ ਮੌਕੇ ਨੌਜਵਾਨ ਆਗੂ ਖੁਰਮ ਨਵਾਬ ਵੀ ਮੌਜੂਦ ਸਨ |