ਸੰਗਰੂਰ, 30 ਅਪ੍ਰੈਲ (ਧੀਰਜ ਪਸ਼ੋਰੀਆ)-ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਲਿਫ਼ਟਿੰਗ ਦਾ ਕੰਮ ਹੌਲੀ ਰਫ਼ਤਾਰ ਨਾਲ ਹੋਣ ਕਾਰਨ ਖ਼ਰੀਦੀ ਜਾ ਚੁੱਕੀ ਕਣਕ ਦੇ ਅੰਬਾਰ ਲੱਗੇ ਹੋਏ ਹਨ | ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੱਕ ਜ਼ਿਲੇ੍ਹ ਦੀਆਂ ਮੰਡੀਆਂ ਵਿੱਚ 847360 ਮੀਟਰਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਜਿਸ ਵਿਚੋਂ 454136 ਮੀਟਰ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | 50% ਦੇ ਕਰੀਬ ਲਿਫ਼ਟਿੰਗ ਅਜੇ ਬਾਕੀ ਹੈ | ਅਨਾਜ ਮੰਡੀ ਸੰਗਰੂਰ ਦੀ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ ਅਤੇ ਮੰਡੀ ਸੁਪਰਵਾਈਜ਼ਰ ਹਰਿੰਦਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਵਿੱਚ ਕੱਲ੍ਹ ਸ਼ਾਮ ਤੱਕ 52 ਹਜ਼ਾਰ ਮੀਟਰਕ ਟਨ ਕਣਕ ਦੀ ਖ਼ਰੀਦ ਹੋਈ ਹੈ ਜਿਸ ਵਿਚੋਂ 31751 ਮੀਟਰਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਪਨਗਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਲਿਫ਼ਟਿੰਗ ਦੇ ਸਾਰੇ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ | ਖ਼ਰੀਦੀ ਜਾ ਚੁੱਕੀ ਕਣਕ ਦੀ ਹੌਲੀ ਰਫ਼ਤਾਰ ਨਾਲ ਹੋ ਰਹੀ ਲਿਫ਼ਟਿੰਗ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਿਸ਼ਨ ਕੁਮਾਰ ਤੁੰਗਾ ਨੇ ਕਿਹਾ ਕਿ ਪੈ ਰਹੀ ਕੜਾਕੇ ਦੀ ਧੁੱਪ ਕਾਰਨ ਮੰਡੀਆਂ ਵਿੱਚ ਖ਼ਰੀਦੀ ਜਾ ਚੁੱਕੀ ਕਣਕ ਦਾ ਵਜ਼ਨ ਘਟਨਾ ਸੁਭਾਵਿਕ ਹੈ ਜਿਸ ਦਾ ਖ਼ਮਿਆਜ਼ਾ ਆੜ੍ਹਤੀਆਂ ਨੂੰ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਜੋ ਟਰੱਕਾਂ ਦਾ ਵਜ਼ਨ ਕੀਤਾ ਜਾਂਦਾ ਹੈ ਉਸ ਦੀ ਕੈਲਕੂਲੇਸ਼ਨ ਮੌਕੇ ਤੇ ਕਣਕ ਵਿੱਚ ਮੌਜੂਦ ਨਮੀ ਦੇ ਮੁਤਾਬਕ ਕੀਤੀ ਜਾਵੇ ਜਾਂ ਫਿਰ ਕਣਕ ਦੀ ਖ਼ਰੀਦ ਹੋਣ ਤੋਂ ਤੁਰੰਤ ਬਾਅਦ ਲਿਫ਼ਟਿੰਗ ਕੀਤੀ ਜਾਵੇ | ਇਨ੍ਹਾਂ ਵਿਚਾਰਾਂ ਦੀ ਕੇਵਲ ਗੁਪਤਾ, ਵਿਜੈ ਜੈਨ, ਕਮਲ ਮਿੱਤਲ, ਹਰਿੰਦਰ ਬਾਵਾ, ਮਨੋਜ ਗਰਗ, ਪ੍ਰਦੀਪ ਸਿੰਗਲਾ, ਅਮਨ ਪੂਨੀਆ, ਨਰੇਸ਼ ਵਿੱਕੀ, ਨਰਿੰਦਰ ਨਿੰਦੀ ਜਤਿੰਦਰ ਗਰੇਵਾਲ, ਕੁਲਦੀਪ ਤਿਵਾੜੀ, ਕੇਸਵ ਸਿੰਗਲਾ, ਚਰਨਜੀਤ ਸ਼ਰਮਾ, ਦਲਵੀਰ ਅÏਲਖ, ਦਰਸ਼ਨ ਕੁਮਾਰ ਤੁੰਗਾਂ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਊਾਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ ਅਤੇ ਵਰੁਨ ਬੰਟੀ ਨੇ ਵੀ ਪਰੋੜ੍ਹਤਾ ਕੀਤੀ ਹੈ |