ਸੰਗਰੂਰ, 30 ਅਪ੍ਰੈਲ (ਦਮਨਜੀਤ ਸਿੰਘ)-ਨਗਰ ਕੌਂਸਲ ਸੰਗਰੂਰ ਦੇ ਹਾਊਸ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਨਗਰ ਕੌਂਸਲ ਭੁਪਿੰਦਰ ਸਿੰਘ ਨਹਿਲ ਵੱਲੋਂ ਸੱਦੀ ਗਈ ਜਿਸ ਵਿਚ 20 ਦੇ ਕਰੀਬ ਕੌਂਸਲਰਾਂ ਨੇ ਹਿੱਸਾ ਲੈਂਦਿਆਂ ਇੱਕ ਏਜੰਡੇ ਨੂੰ ਰੱਦ ਕਰ ਦਿੱਤਾ ਜਦਕਿ ਦੂਸਰੇ ਏਜੰਡੇ ਵਿਚਲੀਆਂ 5 ਆਈਟਮਾਂ ਵਿਚੋਂ ਸਾਰੀਆਂ ਨੂੰ ਹੀ ਪ੍ਰਵਾਨ ਕਰ ਲਿਆ ਗਿਆ | ਦੁਪਹਿਰੇ ਕਰੀਬ 3 ਵਜੇ ਸ਼ੁਰੂ ਹੋਈ ਇਸ ਮੀਟਿੰਗ ਵਿਚ ਦੋ ਵੱਖੋ-ਵੱਖਰੇ ਏਜੰਡੇ ਕੌਂਸਲਰਾਂ ਅੱਗੇ ਪ੍ਰਵਾਨਗੀ ਲਈ ਰੱਖੇ ਗਏ ਜਿਨ੍ਹਾਂ ਵਿਚੋਂ ਪਹਿਲਾ ਏਜੰਡਾ ਨਗਰ ਕੌਂਸਲ ਸੰਗਰੂਰ ਦੇ ਸਾਲ 2025-26 ਦੇ ਬਜਟ ਨੂੰ ਪ੍ਰਵਾਨਗੀ ਦੇਣ ਲਈ ਰੱਖਿਆ ਗਿਆ ਸੀ ਪਰ ਇਸ ਏਜੰਡੇ ਨੂੰ ਹਾਊਸ ਵਿਚ ਮੌਜੂਦ ਬਹੁਤਾਤ ਕੌਂਸਲਰਾਂ ਵੱਲੋਂ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਉਹ ਲੰਘੇ ਵਰ੍ਹੇ ਦੇ ਬਜਟ ਨੂੰ ਹੁਣ ਪਾਸ ਨਹੀਂ ਕਰਨਗੇ ਜੇਕਰ ਬਜਟ ਪਾਸ ਹੀ ਕਰਵਾਉਣਾ ਹੈ ਤਾਂ ਨਵੇਂ ਵਰ੍ਹੇ 2026-27 ਦਾ ਬਜਟ ਏਜੰਡੇ ਵਿਚ ਰੱਖਿਆ ਜਾਵੇ | ਦੂਸਰੇ ਏਜੰਡੇ ਵਿਚਲੀਆਂ 5 ਵੱਖ-ਵੱਖ ਆਈਟਮਾਂ ਉੱਤੇ ਵਾਰੋ-ਵਾਰੀ ਸਿਰ ਹੋਈਆਂ ਵਿਚਾਰਾਂ ਉਪਰੰਤ ਕੌਂਸਲਰਾਂ ਵੱਲੋਂ ਸੰਗਰੂਰ ਅਦਾਲਤ ਵਿਚ ਹੱਡਾ ਰੋੜੀ ਲਈ ਜਗ੍ਹਾ ਸੰਬੰਧੀ ਚੱਲ ਰਹੇ ਕੇਸ ਸੰਬੰਧੀ ਅਦਾਲਤ ਵਿਚ ਅਪੀਲ ਦਾਇਰ ਕਰਨ ਅਤੇ ਆਉਣ ਵਾਲੇ ਖ਼ਰਚ ਦੀ ਪ੍ਰਵਾਨਗੀ ਦਿੱਤੀ ਗਈ | ਇਸ ਦੇ ਨਾਲ-ਨਾਲ ਕੌਂਸਲਰਾਂ ਵੱਲੋਂ ਜਲਦ ਹੀ ਸ਼ਹਿਰ ਤੋਂ ਬਾਹਰ ਹੱਡਾ ਰੋੜੀ ਲਈ ਜ਼ਮੀਨ ਲੀਜ਼ ਉੱਤੇ ਲੈਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਅਤੇ ਸ਼ਹਿਰ ਦੀ ਸੁੰਦਰ ਬਸਤੀ ਅਤੇ ਪ੍ਰੇਮ ਬਸਤੀ ਦੀਆਂ ਗਲੀਆਂ ਨੂੰ ਮੇਨ ਸੀਵਰੇਜ ਲਾਈਨ ਨਾਲ ਜੋੜੇ ਜਾਣ ਲਈ ਆਉਣ ਵਾਲੇ ਖ਼ਰਚ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ | ਇਸ ਮੌਕੇ ਮੌਜੂਦ ਕੌਂਸਲਰਾਂ ਵਿਚ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ, ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ, ਮਨੀ ਕਥੂਰੀਆ, ਜੋਤੀ ਗਾਬਾ, ਨੱਥੂ ਲਾਲ ਢੀਂਗਰਾ, ਹਨੀ ਗਾਬਾ, ਪ੍ਰਦੀਪ ਪੂਰੀ ਪੱਪੂ, ਰਿਤੂ ਕੰਡਾ, ਪਰਮਿੰਦਰ ਪਿੰਕੀ, ਬਬੀਤਾ ਅਗਰਵਾਲ, ਜਗਜੀਤ ਸਿੰਘ ਕਾਲਾ, ਵਿਜੈ ਲੰਕੇਸ਼, ਹਰਮਨਪ੍ਰੀਤ ਕੌਰ, ਅਵਤਾਰ ਸਿੰਘ ਤਾਰਾ, ਸਤਿੰਦਰ ਸੈਣੀ, ਦੀਪਕ ਗੋਇਲ, ਸਲਮਾ ਰਾਣੀ, ਗੁਰਦੀਪ ਕੌਰ ਅਤੇ ਸੁਰਿੰਦਰ ਸਿੰਘ ਭਿੰਡਰ ਆਦਿ ਮੌਜੂਦ ਸਨ |