10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਾਮਨ ਥਿੰਦ ਬਾਜਵਾ ਨੇ ਨਗਰ ਕੌਂਸਲ ਚੋਣਾਂ ਦੀਆਂ ਸੋਧੀਆਂ ਹੋਈਆਂ ਲਿਸਟਾਂ ਨਾ ਮਿਲਣ ਕਾਰਨ ਲਗਾਇਆ ਐਸ ਡੀ ਐਮ ਦਫ਼ਤਰ ਅੱਗੇ ਰੋਸ ਧਰਨਾ

ਸੁਨਾਮ ਦੇ ਐੱਸ ਡੀ ਐਮ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੰਦੇ ਹੋਏ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਆਦਿ | ਤਸਵੀਰ: ਰੁਪਿੰਦਰ ਸਿੰਘ ਸੱਗੂ <br/> 10-05-2026
ਸੁਨਾਮ ਊਧਮ ਸਿੰਘ ਵਾਲਾ, 9 ਮਈ (ਰੁਪਿੰਦਰ ਸਿੰਘ ਸੱਗੂ) - ਨਗਰ ਕੌਂਸਲ ਚੋਣਾਂ ਲਈ ਸਥਾਨਕ ਸ਼ਹਿਰ ਦੀਆਂ ਸੋਧੀਆਂ ਹੋਈਆਂ ਲਿਸਟਾਂ ਨਾ ਮਿਲਣ ਕਾਰਨ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਭਾਜਪਾ ਜ਼ਿਲ੍ਹਾ ਸੰਗਰੂਰ-2 ਪ੍ਰਧਾਨ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਥਾਨਕ ਐਸ ਡੀ ਐਮ ਦਫ਼ਤਰ ਅੱਗੇ ਰਾਤ ਸਮੇਂ ਰੋਸ ਧਰਨਾ ਲਗਾਇਆ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ ਗਈ, ਉਨ੍ਹਾਂ ਵੱਲੋਂ ਦੋਸ਼ ਲਗਾਏ ਗਏ ਕਿ ਨਗਰ ਕੌਂਸਲ ਚੋਣਾਂ ਦੀਆਂ ਸੋਧੀਆਂ ਹੋਈਆਂ ਲਿਸਟਾਂ ਨਾ ਦੇ ਕੇ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਐਸ ਡੀ ਐਮ ਸੁਨਾਮ ਵੱਲੋਂ ਸੋਮਵਾਰ ਨੂੰ ਲਿਸਟਾਂ ਦੇਣ ਦੀ ਗੱਲ ਕਹੀ ਗਈ ਹੈ | ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਾਰਾ ਕੁੱਝ ਇੱਕ ਗਿਣੀ ਮਿਥੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ, ਕਿਉਂਕਿ ਜੇਕਰ ਸੋਮਵਾਰ ਰੋਲ ਲਿਸਟਾਂ ਦਿੱਤੀਆਂ ਜਾਣਗੀਆਂ ਤਾਂ ਨਗਰ ਕੌਂਸਲ ਚੋਣਾਂ ਲੜਨ ਦੇ ਇੱਛੁਕ ਭਾਜਪਾ ਦੇ ਉਮੀਦਵਾਰਾਂ ਕੋਲ ਆਪਣੀਆਂ ਨਾਮਜ਼ਦਗੀਆਂ ਭਰਨ ਅਤੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਬਹੁਤ ਥੋੜ੍ਹਾ ਸਮਾਂ ਬਚੇਗਾ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦ ਲਿਸਟਾਂ ਨਹੀਂ ਦਿੱਤੀਆਂ ਜਾਣਗੀਆਂ ਤਾਂ ਉਹ ਰਾਤ ਨੂੰ ਵੀ ਇੱਥੇ ਹੀ ਧਰਨਾ ਲਗਾ ਕੇ ਬੈਠੇ ਰਹਿਣਗੇ | ਇਸ ਮੌਕੇ 'ਤੇ ਤਹਿਸੀਲ ਸੁਨਾਮ ਅਮਿਤ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਨੂੰ ਸੋਧੀਆਂ ਹੋਈਆਂ ਲਿਸਟਾਂ ਜਲਦੀ ਮਿਲ ਜਾਣਗੀਆਂ | ਤਹਿਸੀਲਦਾਰ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਧਰਨਾ ਚੁੱਕ ਦਿੱਤਾ ਗਿਆ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੂੰ ਸੋਧੀਆਂ ਹੋਈਆਂ ਲਿਸਟਾਂ ਜਲਦ ਨਾ ਮਿਲੀਆਂ ਤਾਂ ਉਹ ਆਪਣੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ 'ਤੇ ਮੋਨਿਕਾ ਗੋਇਲ, ਸੰਜੇ ਗੋਇਲ, ਰਾਜੀਵ ਮੱਖਣ, ਸ਼ੰਕਰ ਬਾਂਸਲ ਆਦਿ ਭਾਜਪਾ ਦੇ ਆਗੂ ਤੇ ਵਰਕਰ ਹਾਜ਼ਰ ਸਨ |
ਇਤਿਹਾਸ ਨੇ ਆਪਣੇ ਆਪ ਨੂੰ ਮੁੜ ਦੁਹਰਾਇਆ-ਬਾਜਵਾ
-ਭਾਜਪਾ ਆਗੂਆਂ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ ਵੱਲੋਂ ਧਰਨਾ ਲਗਾਉਣ ਨੂੰ ਲਗਭਗ ਸਾਢੇ ਚਾਰ ਸਾਲ ਪਹਿਲਾਂ ਦੇ ਇਤਿਹਾਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਜ਼ਿਕਰ ਯੋਗ ਹੈ ਕਿ ਕਾਂਗਰਸ ਦੀ ਸਰਕਾਰ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਰਹੇ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ 'ਤੇ ਧੱਕਾ ਕਰਨ ਅਤੇ ਆਪ ਪਾਰਟੀ ਦੇ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਕੈਂਸਲ ਕਰਵਾਉਣ ਦੇ ਦੋਸ਼ ਲਗਾਉਂਦੇ ਹੋਏ ਮੌਜੂਦਾ ਸਮੇਂ ਵਿੱਚ ਆਪ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਸਮੇਤ ਐਸ ਡੀ ਐਮ ਦਫ਼ਤਰ ਅੱਗੇ ਇਸੇ ਤਰ੍ਹਾਂ ਰਾਤ ਨੂੰ ਧਰਨਾ ਲਗਾਇਆ ਗਿਆ ਸੀ |

ਪਿਛਲੀ ਖ਼ਬਰ ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ 'ਸ਼ੁਕਰਾਨਾ ਯਾਤਰਾ' ਦੌਰਾਨ ਪਿੰਡ ਫੱਗੂਵਾਲਾ ਪਹੁੰਚੇ ਮੁੱਖ ਮੰਤਰੀ ਦਾ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।