ਸੰਗਰੂਰ, 11 ਮਈ (ਦਮਨਜੀਤ ਸਿੰਘ) - ਪੰਜਾਬ ਅੰਦਰ ਹਾਲ ਹੀ ਵਿਚ ਹੋਏ ਬੰਬ ਧਮਾਕਿਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਨੂੰ ਕਸੂਰਵਾਰ ਦੱਸਣ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ | ਭਾਜਪਾ ਵੱਲੋਂ 12 ਮਈ ਨੂੰ ਭਾਜਪਾ ਦੇ ਜ਼ਿਲ੍ਹਾ ਸੰਗਰੂਰ -1 ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਜ਼ਿਲ੍ਹਾ -2 ਦੇ ਪ੍ਰਧਾਨ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਸੰਗਰੂਰ ਸ਼ਹਿਰ ਅੰਦਰ ਰੋਸ ਮਾਰਚ ਕਰਨ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਰੋਸ ਪ੍ਰਦਰਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸਰਜੀਵਨ ਜਿੰਦਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਸਾਬਤ ਹੋ ਰਹੇ ਹਨ ਅਤੇ ਆਪਣੀ ਇਸ ਅਸਫਲਤਾ ਨੂੰ ਭਾਜਪਾ ਦੇ ਮੱਥੇ ਮੜਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾੜੇ ਹਾਲਤਾਂ ਤੋਂ ਅੱਜ ਹਰ ਇੱਕ ਵਿਅਕਤੀ ਜਾਣੂ ਹੈ ਇਸ ਲਈ ਲੋਕ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀਆਂ ਇਨ੍ਹਾਂ ਝੂਠੀਆਂ ਕਹਾਣੀਆਂ ਵਿਚ ਨਹੀਂ ਆਉਣਗੇ | ਸਰਜੀਵਨ ਜਿੰਦਲ ਨੇ ਦੱਸਿਆ ਕਿ ਮੁੱਖ ਮੰਤਰੀ ਖ਼ਿਲਾਫ਼ ਹੋਣ ਵਾਲੇ ਇਸ ਰੋਸ ਮਾਰਚ ਲਈ ਭਾਜਪਾ ਦੇ ਸੈਂਕੜੇ ਆਗੂ ਅਤੇ ਵਰਕਰ 12 ਮਈ ਨੂੰ ਸਥਾਨਕ ਮਹਾਵੀਰ ਚੌਂਕ ਨੇੜਲੇ ਪਾਰੁਲ ਪੈਲੇਸ ਵਿਚ ਇਕੱਤਰ ਹੋਣਗੇ ਜਿੱਥੋਂ ਇੱਕ ਕਾਫ਼ਲੇ ਦੇ ਰੂਪ ਵਿਚ ਐਸ.ਐਸ.ਪੀ. ਸੰਗਰੂਰ ਦੇ ਦਫ਼ਤਰ ਤੱਕ ਰੋਸ ਮਾਰਚ ਕਰਨ ਉਪਰੰਤ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ |