ਸੰਗਰੂਰ, 11 ਮਈ (ਦਮਨਜੀਤ ਸਿੰਘ) - ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੰੂ ਈ.ਡੀ ਵੱਲੋਂ ਗਿ੍ਫ਼ਤਾਰ ਕੀਤੇ ਜਾਣ ਉਪਰੰਤ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਉੱਤੇ ਦਬਾਓ ਦੀ ਰਾਜਨੀਤੀ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਨੰੂ ਨਕਾਰਦਿਆਂ ਭਾਜਪਾ ਆਗੂਆਂ ਨੇ ਕਿਹਾ ਹੈ ਕਿ ਇਮਾਨਦਾਰੀ ਦਾ ਮਖੌਟਾ ਪਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਅੱਜ ਆਪਣੇ ਭਿ੍ਸ਼ਟ ਆਗੂਆਂ ਨੰੂ ਬਚਾਉਣ ਲਈ ਬੌਖਲਾਹਟ ਵਿੱਚ ਆਈ ਹੋਈ ਹੈ | ਇੱਥੇ ਸਥਾਨਕ ਭਾਜਪਾ ਦਫ਼ਤਰ ਵਿਖੇ ਪ੍ਰੈੱਸ ਵਾਰਤਾ ਨੰੂ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਇੱਕੋ ਇੱਕ ਸੰਕਲਪ ਉੱਤੇ ਕੰਮ ਕਰ ਰਹੀ ਹੈ ਕਿ 'ਨਾਂ ਖਾਵਾਂਗੇ ਅਤੇ ਨਾ ਹੀ ਖਾਣ ਦੇਵਾਂਗੇ' | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਉੱਤੇ 157 ਕਰੋੜ ਰੁਪਏ ਦਾ ਭਿ੍ਸ਼ਟਾਚਾਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਸੇ ਲਈ ਹੀ ਈ.ਡੀ. ਵੱਲੋਂ ਅਰੋੜਾ ਨੰੂ ਗਿ੍ਫ਼ਤਾਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਨੰੂ ਇਹ ਡਰ ਸਤਾ ਰਿਹਾ ਹੈ ਕਿ ਈ.ਡੀ. ਦੀ ਜਾਂਚ ਨਾਲ ਉਨ੍ਹਾਂ ਦੇ ਹੋਰ ਭਿ੍ਸ਼ਟ ਸਾਥੀਆਂ ਦੇ ਵੀ ਨਾਂਅ ਸਾਹਮਣੇ ਆ ਜਾਣਗੇ ਇਸੇ ਲਈ ਆਮ ਆਦਮੀ ਪਾਰਟੀ ਇਸ ਪਾਰਦਰਸ਼ੀ ਕਾਰਵਾਈ ਨੰੂ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੀ ਹੈ | ਸਰਜੀਵਨ ਜਿੰਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲ ਅਤੇ ਭਿ੍ਸ਼ਟ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਇਸ ਲਈ ਪੰਜਾਬ ਦੇ ਲੋਕ ਹੁਣ ਇਨ੍ਹਾਂ ਤੋਂ ਕਿਨਾਰਾ ਕਰਨ ਲੱਗ ਪਏ ਹਨ ਜਿਸ ਦੀ ਪ੍ਰਤੱਖ ਉਦਾਹਰਨ ਹੈ ਕਿ ਅੱਜ ਸਤਾਧਿਰ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਅੱਗੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਜ਼ਿਲ੍ਹੇ ਭਰ ਤੋਂ ਲੋਕਾਂ ਨੰੂ ਸੱਦੇ ਜਾਣ ਦੇ ਬਾਵਜੂਦ ਵੀ ਇਕੱਠ ਮਹਿਜ਼ 70-80 ਲੋਕਾਂ ਤੱਕ ਹੀ ਸੀਮਤ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਜਾਂਚ ਏਜੰਸੀ ਨੰੂ ਸੁਤੰਤਰਤਾ ਨਾਲ ਕੰਮ ਕਰਨ ਦੇਣ ਕਿਉਂਕਿ ਜੇਕਰ ਇਨ੍ਹਾਂ ਦਾ ਕੋਈ ਆਗੂ ਦੋਸ਼ੀ ਨਹੀਂ ਹੈ ਤਾਂ ਫਿਰ ਉਹ ਖ਼ੁਦ ਹੀ ਬਾਹਰ ਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿਸ ਦਿਨ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ ਉਸ ਦਿਨ ਤੋਂ ਹੀ ਯੂ.ਪੀ. ਅਤੇ ਬਿਹਾਰ ਵਾਂਗ ਗੈਂਗਸਟਰਾਂ ਅਤੇ ਭਿ੍ਸ਼ਟਾਚਾਰੀਆਂ ਨੰੂ ਪੁੱਠਾ ਟੰਗਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ | ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਭਾਜਪਾ ਉੱਤੇ ਦੋਸ਼ ਲਗਾਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ ਕਿਉਂਕਿ ਸਤਾ ਵਿੱਚ ਆਉਂਦਿਆਂ ਸਾਰ ਹੀ ਪੰਜਾਬ ਦੇ ਉਸ ਸਮੇਂ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੰੂ ਭਿ੍ਸ਼ਟਾਚਾਰ ਵਿੱਚ ਲਿਪਤ ਹੋਣ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਅੱਜ ਓਸੇ ਹੀ ਵਿਜੈ ਸਿੰਗਲਾ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ, ਇਸ ਸਾਰੀ ਕਾਰਵਾਈ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਭਿ੍ਸ਼ਟਾਚਾਰੀਆਂ ਨੰੂ ਕੋਣ ਪਨਾਹ ਦੇ ਕੇ ਬਚਾਅ ਰਿਹਾ ਹੈ ਅਤੇ ਕੋਣ ਭਿ੍ਸ਼ਟਾਚਾਰੀਆਂ ਉੱਤੇ ਨੱਥ ਪਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਅੱਜ 8-8 ਕਿੱਲਿ੍ਹਆਂ ਵਿੱਚ ਮਹਿਲਨੂਮਾਂ ਕੋਠੀਆਂ ਪਾ ਰਹੇ ਹਨ ਅਤੇ ਵੱਡੇ ਵੱਡੇ ਵਪਾਰ ਸਥਾਪਤ ਕਰ ਗਏ ਹਨ, ਜਾਂਚ ਉਨ੍ਹਾਂ ਦੀ ਵੀ ਹੋਵੇਗੀ ਇਸ ਲਈ ਆਮ ਆਦਮੀ ਪਾਰਟੀ ਆਪਣੇ ਹੋਰਨਾਂ ਆਗੂਆਂ ਉੱਤੇ ਵੀ ਹੋਣ ਵਾਲੀ ਕਾਰਵਾਈ ਲਈ ਤਿਆਰ ਰਹੇ | ਇਸ ਮੌਕੇ ਪ੍ਰਦੀਪ ਗਰਗ, ਭਰਤ ਬੇਦੀ, ਮਾ: ਸੁਰਿੰਦਰ ਸ਼ਰਮਾ ਅਤੇ ਭਾਜਪਾ ਆਗੂ ਵੀ ਮੌਜੂਦ ਸਨ |