ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ)- ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ ਨੇ ਕਿਹਾ ਕਿ ਪੰਜਾਬ ਵਿੱਚ ਨਗਰ ਕੌਂਸਲ, ਨਿਗਗਾਂ ਦੀ ਹੋ ਰਹੀਆਂ ਚੋਣਾਂ 'ਚ ਜਿੱਥੇ ਮੋਰਚੇ ਦੇ ਕਾਰਕੁਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੰੂ ਸਵਾਲ ਕਰ ਕੇ ਚਾਰ ਸਾਲ ਦਾ ਲੇਖਾ ਜੋਖਾ ਪੁੱਛਣਗੇ, ਉੱਥੇ 24 ਮਈ ਨੰੂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦੀ ਵਾਅਦਾ ਖਿਲਾਫ਼ੀਆਂ ਨੰੂ ਜਨਤਕ ਕਰਨਗੇ | ਡੀ.ਸੀ. ਦਫ਼ਤਰ ਸੰਗਰੂਰ ਬਾਹਰ ਚੱਲ ਰਹੇ ਮੋਰਚੇ ਦੇ 144ਵੇਂ ਦਿਨ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਆਪਣੇ ਕੀਤੇ ਵਾਅਦਿਆਂ ਅਨੁਸਾਰ ਇਕ ਵੀ ਭਰਤੀ ਨਹੀਂ ਕੀਤੀ ਹੈ ਅਤੇ ਸਰਕਾਰ ਨੇ ਹਜ਼ਾਰਾਂ ਬੇਰੁਜ਼ਗਾਰਾਂ ਨੰੂ ਉਨ੍ਹਾਂ ਦੀ ਉੱਪਰਲੀ ਉਮਰ ਸੀਮਾਂ ਲੰਘਾਂ ਦੇ ਰੁਜ਼ਗਾਰ ਤੋਂ ਹੀ ਵਾਂਝੇ ਕਰ ਦਿੱਤਾ ਹੈ | ਸਿੱਖਿਆ ਅਤੇ ਸਿਹਤ ਵਿਚ ਲਿਆਂਦੀ ਅਖੌਤੀ ਕ੍ਰਾਂਤੀ ਨੰੂ ਮਹਿਜ਼ ਕਾਗ਼ਜ਼ਾਂ ਦੀ ਖਾਨਾਪੂਰਤੀ ਕਰਾਰ ਦਿੰਦਿਆਂ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਦੀ ਛੋਟ ਨਾਲ ਭਰੀਆ ਜਾਣ, ਮਾਸਟਰ ਕਾਡਰ ਵਿਚ 55 ਫ਼ੀਸਦੀ ਦੀ ਸ਼ਰਤ ਖ਼ਤਮ ਕਰਦਿਆਂ ਆਰਟ ਐਂਡ ਕਰਾਫ਼ਟ ਦੀ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਲੈਣ ਦੀ ਮੰਗ ਕੀਤੀ |