ਸੰਗਰੂਰ, 17 ਮਈ (ਚੌਧਰੀ ਨੰਦ ਲਾਲ ਗਾਂਧੀ) - ਨਾਮਵਰ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਨੂੰ ਅੱਜ ਭਾਈ ਹਰੀ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇੱਥੇ ਹੋਏ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਰਸਮ ਭਾਈ ਹਰੀ ਸਿੰਘ ਦੇ ਪਰਿਵਾਰ ਵਲੋਂ ਗਿਆਨੀ ਕਰਮ ਸਿੰਘ ਭੰਡਾਰੀ, ਸੁਖਵਿੰਦਰ ਸਿੰਘ ਫੁੱਲ, ਪੋਤਰੇ ਦਲਭੰਜਨ ਸਿੰਘ ਟੈਣੀ, ਡਾ. ਹਰਪ੍ਰੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਲਾਡੀ, ਸੁਖਪਾਲ ਸਿੰਘ ਮੱਕੜ, ਉਨ੍ਹਾਂ ਦੇ ਸਾਥੀਆਂ ਮੋਹਨ ਸ਼ਰਮਾ, ਜਥੇਦਾਰ ਜਸਵੰਤ ਸਿੰਘ, ਭਾਈ ਪਿਆਰਾ ਸਿੰਘ ਅਤੇ ਪਿ੍ਤਪਾਲ ਸਿੰਘ ਆਹਲੂਵਾਲੀਆ ਨੇ ਅਦਾ ਕੀਤੀ | ਪਰਿਵਾਰ ਵਲੋਂ ਪਿਛਲੇ ਸਾਲ ਸ਼ੁਰੂ ਕੀਤੇ ਐਵਾਰਡ ਵਿਚ 11 ਹਜ਼ਾਰ ਰੁਪਏ ਨਕਦ ਅਤੇ ਸਨਮਾਨ ਚਿੰਨ ਸ਼ਾਮਿਲ ਹੈ | ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਇਸ ਮੌਕੇ ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਰਵਿੰਦ ਖੰਨਾ ਸਾਬਕਾ ਵਿਧਾਇਕ, ਸਾਬਕਾ ਮੰਤਰੀ ਬਾਬੂ ਪ੍ਰਕਾਸ਼ ਚੰਦ ਗਰਗ, ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇਨਫੋਟੈੱਕ ਪੰਜਾਬ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |