ਧੂਰੀ, 19 ਮਈ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਪੰਜਾਬ ਦੀ ਸਿਆਸਤ 'ਚ ਇਸ ਵੇਲੇ ਧੂਰੀ ਕੇਂਦਰ ਬਣਿਆ ਹੋਇਆ ਹੈ | ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਹੁਣ ਸਰਗਰਮ ਹੋ ਗਈ ਹੈ | ਇਸੇ ਕੜੀ ਹੇਠ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਹੰਗਾਮੀ ਤੌਰ 'ਤੇ ਧੂਰੀ ਦੇ ਇੱਕ ਹੋਟਲ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ, ਵਰਕਰਾਂ ਅਤੇ ਨਾਮਜ਼ਦਗੀ ਪੱਤਰ ਰੱਦ ਹੋਏ ਉਮੀਦਵਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ 'ਤੇ ਤਿੱਖੇ ਹਮਲੇ ਬੋਲਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਹਰ ਪਾਰਟੀ ਅਤੇ ਹਰ ਉਮੀਦਵਾਰ ਨੂੰ ਚੋਣ ਲੜਨ ਦਾ ਪੂਰਾ ਅਧਿਕਾਰ ਹੈ, ਪਰ ਧੂਰੀ ਵਿੱਚ ਜੋ ਕੁੱਝ ਹੋਇਆ ਉਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਸਾਜ਼ਿਸ਼ ਦੇ ਤਹਿਤ ਭਾਜਪਾ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ ਤਾਂ ਜੋ ਵਿਰੋਧੀ ਆਵਾਜ਼ਾਂ ਨੂੰ ਦਬਾਇਆ ਜਾ ਸਕੇ | ਉਨ੍ਹਾਂ ਕਿਹਾ, 'ਜੇ ਸਰਕਾਰ ਨੂੰ ਆਪਣੀ ਲੋਕਪਿ੍ਯਤਾ 'ਤੇ ਇੰਨਾ ਹੀ ਭਰੋਸਾ ਹੈ ਤਾਂ ਫਿਰ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਨ ਦੀ ਲੋੜ ਕਿਉਂ ਪਈ? ਇਹ ਸਿੱਧੀ ਧੱਕੇਸ਼ਾਹੀ ਹੈ ਅਤੇ ਭਾਜਪਾ ਇਸ ਨੰੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਕੇਂਦਰੀ ਮੰਤਰੀ ਨੇ ਹੋਰ ਕਿਹਾ ਕਿ ਪੰਜਾਬ ਵਿੱਚ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਚਿੰਤਾਜਨਕ ਗੱਲ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨਿਰਪੱਖਤਾ ਨਾਲ ਕੰਮ ਨਾ ਕੀਤਾ ਤਾਂ ਭਾਜਪਾ ਵੱਡਾ ਸੰਘਰਸ਼ ਛੇੜੇਗੀ ਅਤੇ ਇਸ ਮਾਮਲੇ ਨੂੰ ਚੋਣ ਕਮਿਸ਼ਨ ਅਤੇ ਅਦਾਲਤ ਦੇ ਸਾਹਮਣੇ ਪੂਰੀ ਤਾਕਤ ਨਾਲ ਰੱਖਿਆ ਜਾਵੇਗਾ | ਇਸ ਮੌਕੇ ਪ੍ਰੋ. ਓਾਕਾਰ ਸਿੰਘ ਸਿੱਧੂ, ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ, ਰਣਦੀਪ ਸਿੰਘ ਦਿਓਲ, ਅੰਮਿ੍ਤ ਬਰਾੜ, ਅਸੀਸ ਗਰਗ ਮੰਡਲ ਪ੍ਰਧਾਨ, ਭੁਪੇਸ਼ ਕੁਮਾਰ ਜਿੰਦਲ, ਪਰਮਜੀਤ ਸਿੰਘ ਭਿੰਦੀ, ਸੋਨੀ ਬਾਂਗਰੂ, ਅਸ਼ਵਨੀ ਕੁਮਾਰ ਮਿੱਠੂ, ਜਗਦੇਵ ਜਿੰਦਲ ਜੱਗਾ ਅਤੇ ਹੋਰ ਵੀ ਹਾਜ਼ਰ ਸਨ |