ਭਵਾਨੀਗੜ੍ਹ, 19 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦੋਂ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਸੁਖਪ੍ਰੀਤ ਕੌਰ ਪਤਨੀ ਬੁਧਰਾਮ ਸਿੰਘ ਮਾਹੀ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਪ੍ਰੇਰਨਾ ਅਤੇ ਯਤਨਾਂ ਸਦਕਾ ਆਪਣੀ ਨਾਮਜ਼ਦਗੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ | ਇਸ ਸਬੰਧੀ ਚੇਅਰਮੈਨ ਡਾ. ਮਿੰਕੂ ਜਵੰਧਾ ਨੇ ਦੱਸਿਆ ਕਿ ਉਨ੍ਹਾਂ ਮਾਹੀ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਪਾਰਟੀ ਦੀਆਂ ਨੀਤੀਆਂ, ਇਕਜੁੱਟਤਾ ਅਤੇ ਸ਼ਹਿਰ ਦੇ ਵਿਕਾਸ ਲਈ ਸਾਂਝੇ ਤੌਰ 'ਤੇ ਕੰਮ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ, ਜਿਸ ਦੌਰਾਨ ਉਨ੍ਹਾਂ ਚੋਣ ਮੈਦਾਨ ਵਿੱਚੋਂ ਹਟਣ ਦਾ ਫੈਸਲਾ ਕੀਤਾ | ਸਿਆਸੀ ਹਲਕਿਆਂ ਵਿੱਚ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਵਾਰਡ ਨੰਬਰ 10 ਵਿੱਚ ਸੁਖਪ੍ਰੀਤ ਕੌਰ ਦੇ ਖੜੇ ਹੋਣ ਨਾਲ ਮੁਕਾਬਲਾ ਤਿਕੋਣਾ ਬਣਨ ਦੀ ਸੰਭਾਵਨਾ ਸੀ | ਡਾ. ਜਵੰਧਾ ਦੀ ਰਣਨੀਤਿਕ ਸੋਚ ਨਾਲ ਨਾ ਸਿਰਫ਼ ਪਾਰਟੀ ਨੂੰ ਮਜ਼ਬੂਤੀ ਮਿਲੀ, ਸਗੋਂ ਵਰਕਰਾਂ ਵਿੱਚ ਵੀ ਇੱਕਜੁੱਟਤਾ ਦਾ ਸੰਦੇਸ਼ ਗਿਆ ਹੈ | ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪਰਿਵਾਰ ਵਾਂਗ ਕੰਮ ਕਰਦੀ ਹੈ ਅਤੇ ਹਰ ਵਰਕਰ ਦਾ ਮਾਣ-ਸਤਿਕਾਰ ਬਰਕਰਾਰ ਰੱਖਣਾ ਪਾਰਟੀ ਦੀ ਪਹਿਲ ਹੈ | ਉਨ੍ਹਾਂ ਸੁਖਪ੍ਰੀਤ ਕੌਰ ਅਤੇ ਬੁਧਰਾਮ ਸਿੰਘ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰੇਗੀ | ਇਸ ਮੌਕੇ ਮੱਖਣ ਸਿੰਘ , ਸਤਗੁਰ ਸਿੰਘ ਭੋਲਾ ਸਰਪੰਚ, ਦਲਜੀਤ ਸਿੰਘ ਸਰਪੰਚ, ਸੰਦੀਪ ਲਾਲਕਾ, ਪਵਨ, ਰੋਹੀ, ਤਾਲੂ ਸਿੰਘ, ਹਰਭਜਨ ਸਿੰਘ ਹੈਪੀ, ਗੁਰਪ੍ਰੀਤ ਸਿੰਘ ਬਾਬਾ, ਸੁਰਜੀਤ ਕੌਰ ਬੇਬੀ ਅਤੇ ਸੁਰਜੀਤ ਕੌਰ ਹੋਰ ਆਗੂ ਹਾਜ਼ਰ ਸਨ |