13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਿਜਲੀ ਬੋਰਡ ਦੀਆਂ ਸਬ-ਡਵੀਜ਼ਨਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਗਟ

ਅਜੀਤ ਡੈਸਕ 05-06-2026
ਮਲੇਰਕੋਟਲਾ, 4 ਜੂਨ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਡਵੀਜ਼ਨ ਵਿਖੇ ਬਿਜਲੀ ਬੋਰਡ ਦੀਆਂ ਸਾਰੀਆਂ ਸਬ-ਡਵੀਜ਼ਨਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕੀਤਾ ਪਿੱਟ ਸਿਆਪਾ | ਇਸ ਮੌਕੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਗੂੰਗੀ-ਬੋਲੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ | ਮੁਲਾਜ਼ਮਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਨੇ ਲੋਕਾਂ ਨੂੰ ਐਨਾ ਪ੍ਰੇਸ਼ਾਨ ਕੀਤਾ ਹੋਇਆ ਹੈ, ਉੱਤੋਂ ਸਰਕਾਰ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਰੋਕ ਰੱਖਿਆ ਹੈ | ਆਮ ਆਦਮੀ ਦੀ ਸਰਕਾਰ ਹੁਣ ਹੇਠਲੇ ਵਰਗ ਦੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਰਹੀ ਹੈ | ਪੰਜਾਬ ਦੇ ਆਈ.ਪੀ.ਐਸ, ਆਈ.ਏ.ਐਸ. ਅਤੇ ਹੋਰ ਉੱਚ-ਦਰਜੇ ਦੇ ਸਾਰੇ ਹੀ ਅਧਿਕਾਰੀਆਂ ਨੂੰ ਮਹਿੰਗਾਈ ਭੱਤਾ ਦੇ ਦਿੱਤਾ ਹੈ, ਪਰੰਤੂ ਹੇਠਲੀ ਸ਼ਰੇਣੀ ਦੇ ਮੁਲਾਜ਼ਮਾਂ ਦਾ ਡੀ.ਏ. ਰੋਕ ਰੱਖਿਆ ਹੈ | ਵਾਰ-ਵਾਰ ਸਰਕਾਰ ਨੂੰ ਜਗਾਇਆ ਗਿਆ, ਧਰਨੇ ਮੁਜ਼ਾਹਰੇ ਕੀਤੇ ਪਰੰਤੂ ਭਗਵੰਤ ਮਾਨ ਸਰਕਾਰ ਦੇ ਕੰਨਾਂ 'ਤੇ ਜੂੰਅ ਨਹੀਂ ਸਰਕੀ ਸਗੋਂ ਆਪਣੇ ਵਿਧਾਇਕਾਂ ਲੋਕ ਸਭਾ ਮੈਂਬਰਾਂ ਅਤੇ ਹੋਰ ਰਾਜਨੀਤਿਕ ਅਹੁਦੇਦਾਰਾਂ ਨੂੰ ਦਿਲ ਖੋਲ੍ਹ ਕੇ ਮਹਿੰਗਾਈ ਭੱਤੇ, ਮਹਿੰਗੀਆਂ ਗੱਡੀਆਂ ਅਤੇ ਹੋਰ ਸਹੂਲਤਾਂ ਦਿੱਤੀਆਂ ਹਨ | ਪੰਜਾਬ ਦੇ ਮੁਲਾਜ਼ਮਾਂ ਉੱਪਰ ਕੇਂਦਰ ਦਾ ਸੱਤਵਾਂ ਪੇਅ-ਸਕੇਲ ਲਾਗੂ ਕਰ ਦਿੱਤਾ ਜਿਸ ਨਾਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅੱਧੀਆਂ ਹੀ ਰਹਿ ਗਈਆਂ ਹਨ | ਇਹ ਸਰਾਸਰ ਧੱਕਾ ਹੈ, ਅਜਿਹਾ ਵਿਤਕਰਾ ਕਰਨਾ ਸਰਕਾਰ ਦਾ ਗ਼ਲਤ ਤਰੀਕਾ ਹੈ | ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ | ਮੁਲਾਜ਼ਮਾਂ ਨੇ ਕਿਹਾ ਕਿ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਹੱਥ ਵਿਚ ਤਖ਼ਤੀਆਂ ਫੜ ਕੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਸਾਡੀ ਸਰਕਾਰ ਬਣਨ 'ਤੇ ਤੁਰੰਤ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇਗੀ, ਪਰੰਤੂ ਸਰਕਾਰ ਸੱਤਾ ਦੇ ਹੰਕਾਰ ਵਿਚ ਆ ਕੇ ਆਪਣਾ ਵਾਅਦਾ ਭੁੱਲ ਗਈ ਹੈ | ਪੰਜਾਬ ਦੇ ਲੱਖਾਂ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਦਾ ਵਿਰੋਧ ਕਰਾਂਗੇ | ਪਿੰਡਾਂ ਵਿੱਚ ਵੋਟਾਂ ਮੰਗਣ 'ਤੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਹਰਵਿੰਦਰ ਸਿੰਘ ਪੈੱ੍ਰਸ ਸਕੱਤਰ, ਇਕਬਾਲ ਖਾਂ, ਸਾਬਰ ਅਲੀ, ਜਸਵੀਰ ਸਿੰਘ, ਜਗਸੀਰ ਸਿੰਘ, ਹਰਦੀਪ ਰੁੜਕਾ, ਸ਼ਿਵ ਕੁਮਾਰ, ਰਾਜਵਿੰਦਰ ਸੰਦੌੜ, ਸੁਰਿੰਦਰਪਾਲ ਆਦਿ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਡੀ.ਐਮ. ਵਲੋਂ ਮੈਗਜ਼ੀਨ ਊਧਮ ਜਯੋਤੀ ਰਿਲੀਜ਼ ਅਗਲੀ ਖ਼ਬਰ ਪੀ. ਪੀ. ਐਸ. ਚੀਮਾ 'ਚ ਮਨਾਇਆ 'ਵਿਸ਼ਵ ਵਾਤਾਵਰਨ ਦਿਵਸ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।