ਸੁਨਾਮ ਊਧਮ ਸਿੰਘ ਵਾਲਾ, 7 ਜੂਨ (ਰੁਪਿੰਦਰ ਸਿੰਘ ਸੱਗੂ) - ਨਸ਼ਾ ਮੁਕਤੀ ਚੇਤਨਾ ਸੰਘ ਦੇ ਪ੍ਰਣੇਤਾ ਜਸਬੀਰ ਸਿੰਘ ਅਤੇ ਸੰਘ ਦੇ ਪ੍ਰਾਂਤ ਸਹਿ-ਸੰਯੋਜਕ ਡਾ. ਅਮਿਤ ਕਾਂਸਲ ਨੇ ਫ਼ਰੀਦਾਬਾਦ ਵਿਖੇ ਸਥਿਤ ਪਰਮ ਪੂਜਨੀਕ ਸੰਤ ਸ਼ਿਰੋਮਣੀ ਸਵਾਮੀ ਅੜਗੜਾਨੰਦ ਦੇ ਆਸ਼ਰਮ 'ਚ ਪਹੁੰਚ ਕੇ ਉਨ੍ਹਾਂ ਦੇ ਦਰਸ਼ਨ ਕੀਤੇ | ਇਸ ਮੌਕੇ ਨੈਸ਼ਨਲ ਹਾਈਡਰੋ ਇਲੈਕਟਿ੍ਕ ਪਾਵਰ ਕਾਰਪੋਰੇਸ਼ਨ (ਐਨ.ਐਚ.ਪੀ.ਸੀ.) ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਅਭੈ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਆਸ਼ਰਮ ਪਰਿਵਾਰ ਵਲੋਂ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਡਾ. ਅਮਿਤ ਕਾਂਸਲ ਨੇ ਦੱਸਿਆ ਕਿ ਨਸ਼ਾ ਮੁਕਤੀ ਚੇਤਨਾ ਸੰਘ ਵਲੋਂ ਸਵਾਮੀ ਅੜਗੜਾਨੰਦ ਦੀ ਪ੍ਰੇਰਣਾ ਨਾਲ ਨੌਜਵਾਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ 'ਚ ਪਵਿੱਤਰ ਸ੍ਰੀਮਦ ਭਗਵਦ ਗੀਤਾ ਦਾ ਵੰਡ ਕੀਤਾ ਜਾ ਰਿਹਾ ਹੈ | ਇਸ ਮੁਹਿੰਮ ਦਾ ਉਦੇਸ਼ ਸਿਰਫ਼ ਗੀਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਾ-ਮੁਕਤ, ਚਰਿੱਤਰਵਾਨ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਜੀਵਨ ਜਿਊਣ ਦੀ ਪੇ੍ਰਰਨਾ ਦੇਣਾ ਹੈ | ਉਨ੍ਹਾਂ ਕਿਹਾ ਕਿ ਅੱਜ ਸਮਾਜ, ਖ਼ਾਸ ਕਰ ਕੇ ਨੌਜਵਾਨ ਵਰਗ, ਨਸ਼ਿਆਂ ਦੀਆਂ ਵੱਖ-ਵੱਖ ਬੁਰਾਈਆਂ ਤੋਂ ਪ੍ਰਭਾਵਿਤ ਹੋ ਰਿਹਾ ਹੈ | ਅਜਿਹੇ ਸਮੇਂ ਵਿੱਚ ਸ੍ਰੀਮਦ ਭਗਵਦ ਗੀਤਾ ਦਾ ਗਿਆਨ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ | ਗੀਤਾ ਮਨੁੱਖ ਨੂੰ ਆਤਮ-ਵਿਸ਼ਵਾਸ, ਸੰਯਮ, ਕਰਤਵਯਨਿਸ਼ਠਾ ਅਤੇ ਸਕਾਰਾਤਮਿਕ ਜੀਵਨ ਮੁੱਲਾਂ ਦਾ ਸੰਦੇਸ਼ ਦਿੰਦੀ ਹੈ | ਨਸ਼ਾ ਮੁਕਤੀ ਚੇਤਨਾ ਸੰਘ ਇਸੇ ਵਿਚਾਰ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਨਿਰੰਤਰ ਕਾਰਜ ਕਰ ਰਿਹਾ ਹੈ | ਜਸਬੀਰ ਸਿੰਘ ਨੇ ਕਿਹਾ ਕਿ ਸਵਾਮੀ ਅੜਗੜਾਨੰਦ ਦੇ ਅਧਿਆਤਮਿਕ ਮਾਰਗ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਸੰਘ ਵਲੋਂ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਾ-ਮੁਕਤ ਜੀਵਨ ਦਾ ਸੰਕਲਪ ਦਿਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਗੀਤਾ ਗਿਆਨ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ |