ਸੰਗਰੂਰ, 11 ਜੂਨ (ਧੀਰਜ ਪਸ਼ੌਰੀਆ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਸੰਗਰੂਰ ਨੇ ਆਪਣੇ ਇਕ ਫ਼ੈਸਲੇ ਰਾਹੀਂ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਹੁਕਮ ਕੀਤਾ ਹੈ ਕਿ ਉਹ ਸ਼ਿਕਾਇਤਕਰਤਾ ਨੂੰ ਇਲਾਜ 'ਤੇ ਆਏ ਖ਼ਰਚੇ ਦੇ ਬਿਲ ਨੂੰ ਵਿਆਜ ਸਮੇਤ ਅਦਾ ਕਰੇ | ਸ਼ਿਕਾਇਤ ਮੁਤਾਬਿਕ ਕੁਲਵੰਤ ਸਿੰਘ ਵਾਸੀ ਮੁੱਲੋਵਾਲ ਨੇ ਆਪਣੇ ਵਕੀਲ ਰਿਤੇਸ਼ ਜਿੰਦਲ ਰਾਹੀਂ ਸ਼ਿਕਾਇਤ ਕੀਤੀ ਸੀ ਕਿ ਕਿ ਉਸ ਨੇ ਉਪਰੋਕਤ ਇੰਸ਼ੋਰੈਂਸ ਕੰਪਨੀ ਦੀ ਪਰਿਵਾਰਕ ਹੈਲਥ ਪਾਲਿਸੀ ਲਈ ਹੋਈ ਸੀ | ਇਸੇ ਦੌਰਾਨ 28 ਅਪ੍ਰੈਲ 2023 ਨੂੰ ਉਸ ਨੂੰ ਅਚਾਨਕ ਹੀ ਪੇਟ ਦਰਦ ਹੋਣ ਕਾਰਨ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ, ਜਿਥੇ ਉਸ ਦਾ ਆਪ੍ਰੇਸ਼ਨ ਕੀਤਾ ਤੇ 3 ਮਈ ਨੂੰ ਉਸ ਨੂੰ ਛੁੱਟੀ ਮਿਲ ਗਈ | ਇਲਾਜ 'ਤੇ ਆਏ ਖ਼ਰਚ 72832 ਰੁਪਏ ਦਾ ਕਲੇਮ ਲੈਣ ਲਈ ਉਸ ਨੇ ਇੰਸ਼ੋਰੈਂਸ ਕੰਪਨੀ ਕੋਲ ਪਹੁੰਚ ਕੀਤੀ ਪਰ ਇੰਸ਼ੋਰੈਂਸ ਕੰਪਨੀ ਨੇ ਟਾਲ ਮਟੋਲ ਕਰਦਿਆਂ ਉਸ ਨੂੰ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਜਿਥੇ ਸੁਣਵਾਈ ਮੁਕੰਮਲ ਹੋਣ 'ਤੇ ਕਮਿਸ਼ਨ ਦੇ ਪ੍ਰਧਾਨ ਜੋਤ ਨਿਰੰਜਨ ਸਿੰਘ ਗਿੱਲ, ਮੈਂਬਰ ਸਾਰਿਤਾ ਗਰਗ ਤੇ ਮੈਂਬਰ ਕੰਵਲਜੀਤ ਸਿੰਘ ਨੇ ਆਪਣੇ ਸੰਯੁਕਤ ਫ਼ੈਸਲੇ ਰਾਹੀਂ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਿਕਾਇਤਕਰਤਾ ਨੂੰ 72832 ਰੁਪਏ ਸਮੇਤ 7 ਫੀਸਦੀ ਸਾਲਾਨਾ ਵਿਆਜ ਨਾਲ ਅਦਾ ਕਰੇ | ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ਤੇ 10 ਹਜ਼ਾਰ ਰੁਪਏ ਵਕੀਲ ਦਾ ਖਰਚਾ ਵੀ ਅਦਾ ਕਰੇ |