03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਨੁਸੂਚਿਤ ਜਾਤੀਆਂ ਦੇ ਹਜ਼ਾਰਾਂ ਜਾਤੀ ਸਰਟੀਫਿਕੇਟ ਜਾਣਬੁੱਝ ਕੇ ਰੋਕੇ ਜਾ ਰਹੇ ਹਨ-ਸਤਿਗੁਰ ਸਿੰਘ ਕੌਹਰੀਆਂ

ਅਜੀਤ ਡੈਸਕ 11-07-2026
ਛਾਜਲੀ, 10 ਜੁਲਾਈ (ਅਜਾਇਬ ਸਿੰਘ ਨੀਲੋਵਾਲ): ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਿਗੁਰ ਸਿੰਘ ਕੌਹਰੀਆ ਨੇ ਪੰਜਾਬ ਸਰਕਾਰ ‘ਤੇ ਅਨੁਸੂਚਿਤ ਜਾਤੀਆਂ ਨਾਲ ਭੇਦਭਾਵ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮਾਵਾਂ-ਧੀਆਂ ਸਕੀਮ ਦੇ ਐਲਾਨ ਤੋਂ ਬਾਅਦ ਸੁਨਾਮ ਤਹਿਸੀਲ ਸਮੇਤ ਸੂਬੇ ਦੀਆਂ ਕਈ ਤਹਿਸੀਲਾਂ ਵਿੱਚ ਅਨੁਸੂਚਿਤ ਜਾਤੀ ਦੇ ਜਾਤੀ ਸਰਟੀਫਿਕੇਟ ਵੱਡੀ ਗਿਣਤੀ ਵਿੱਚ ਲੰਬਿਤ ਪਏ ਹਨ। ਇਸ ਕਾਰਨ ਹਜ਼ਾਰਾਂ ਯੋਗ ਪਰਿਵਾਰ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਰਹਿ ਰਹੇ ਹਨ। ਕੌਹਰੀਆ ਨੇ ਕਿਹਾ ਕਿ ਸੁਨਾਮ ਤਹਿਸੀਲ ਵਿੱਚ ਲੋਕਾਂ ਨੂੰ ਮਹੀਨਿਆਂ ਤੱਕ ਜਾਤੀ ਸਰਟੀਫਿਕੇਟ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਈ ਅਰਜ਼ੀਆਂ ‘ਤੇ ਬਿਨਾਂ ਵਾਜਬ ਕਾਰਨ ਇਤਰਾਜ਼ ਲਗਾਏ ਜਾਂਦੇ ਹਨ ਜਾਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਤੀ ਸਰਟੀਫਿਕੇਟ ਨਾ ਬਣਨ ਕਾਰਨ ਅਨੁਸੂਚਿਤ ਜਾਤੀਆਂ ਵਰਗ ਦੀਆਂ ਮਹਿਲਾਵਾਂ ਜਿਥੇ ਮਾਵਾਂ-ਧੀਆਂ ਸਕੀਮ ਦੇ ਲਾਭ ਤੋਂ ਵਾਂਝੀਆਂ ਰਹਿ ਰਹੀਆਂ ਹਨ , ਉਥੇ ਹੀ ਹੋਰ ਵਿਦਿਆਰਥੀਆਂ ਨੂੰ ਸਕਾਲਰਸ਼ਿਪਾਂ, ਦਾਖਲਿਆਂ ਅਤੇ ਹੋਰ ਸਰਕਾਰੀ ਸਹੂਲਤਾਂ ਹਾਸਲ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਸੂਖਦਾਰ ਅਤੇ ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕਾਂ ਦੇ ਸਰਟੀਫਿਕੇਟ ਪਹਿਲ ਦੇ ਆਧਾਰ ‘ਤੇ ਜਾਰੀ ਕੀਤੇ ਜਾ ਰਹੇ ਹਨ, ਜਦਕਿ ਆਮ ਲੋਕਾਂ ਦੀਆਂ ਅਰਜ਼ੀਆਂ ਲੰਬੇ ਸਮੇਂ ਤੱਕ ਲਟਕਾਈਆਂ ਜਾ ਰਹੀਆਂ ਹਨ। ਬਸਪਾ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਨਾਮ ਤਹਿਸੀਲ ਸਮੇਤ ਸੂਬੇ ਭਰ ਵਿੱਚ ਲੰਬਿਤ ਪਏ ਜਾਤੀ ਸਰਟੀਫਿਕੇਟਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਮਾਵਾਂ-ਧੀਆਂ ਸਕੀਮ ਦਾ ਲਾਭ ਹਰ ਯੋਗ ਪਰਿਵਾਰ ਤੱਕ ਬਿਨਾਂ ਕਿਸੇ ਭੇਦਭਾਵ ਦੇ ਪਹੁੰਚਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦ ਹੱਲ ਨਾ ਹੋਇਆ ਤਾਂ ਬਹੁਜਨ ਸਮਾਜ ਪਾਰਟੀ ਸੂਬਾ ਪੱਧਰ ‘ਤੇ ਤਿੱਖਾ ਸੰਘਰਸ਼ ਸ਼ੁਰੂ ਕਰੇਗੀ।
ਹਜ਼ਾਰਾਂ ਸਰਟੀਫਿਕੇਟ ਸੁਨਾਮ ‘ਚ ਲੰਬਿਤ, ਪੋਰਟਲ ਦੀ ਸਮੱਸਿਆ ਜਾਂ ਪ੍ਰਸ਼ਾਸਕੀ ਢਿੱਲ?
ਜਦੋਂ ਇਸ ਸਬੰਧੀ ਤਹਿਸੀਲਦਾਰ ਸੁਨਾਮ ਅੰਮ੍ਰਿਤਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਨੁਸੂਚਿਤ ਜਾਤੀ ਦੇ ਲਗਭਗ ਇਕ ਹਜ਼ਾਰ ਜਾਤੀ ਸਰਟੀਫਿਕੇਟ ਲੰਬਿਤ ਪਏ ਹਨ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਵਰਤੀ ਜਾਣ ਵਾਲੀ ਆਈਡੀ/ਪੋਰਟਲ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਅਰਜ਼ੀਆਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੋ ਪਾ ਰਿਹਾ। ਹਾਲਾਂਕਿ, ਜਦੋਂ ਇਸ ਮਾਮਲੇ ਸਬੰਧੀ ਹੋਰ ਤਹਿਸੀਲਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰਾਂ ਵਿੱਚ ਇਸ ਤਰ੍ਹਾਂ ਦੀ ਕੋਈ ਤਕਨੀਕੀ ਸਮੱਸਿਆ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੋਰਟਲ ਅਤੇ ਆਈਡੀ ਆਮ ਤੌਰ ‘ਤੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਜਿਵੇਂ-ਜਿਵੇਂ ਜਾਤੀ ਸਰਟੀਫਿਕੇਟਾਂ ਲਈ ਅਰਜ਼ੀਆਂ ਆਉਂਦੀਆਂ ਹਨ, ਉਨ੍ਹਾਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਕੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਦੋਵਾਂ ਪੱਖਾਂ ਦੇ ਬਿਆਨਾਂ ਵਿੱਚ ਅੰਤਰ ਹੋਣ ਕਾਰਨ ਇਹ ਮਾਮਲਾ ਸਪੱਸ਼ਟੀਕਰਨ ਦੀ ਮੰਗ ਕਰਦਾ ਹੈ। ਜੇਕਰ ਵਾਸਤਵ ਵਿੱਚ ਕਿਸੇ ਤਕਨੀਕੀ ਜਾਂ ਪ੍ਰਸ਼ਾਸਕੀ ਕਾਰਨ ਕਰਕੇ ਅਰਜ਼ੀਆਂ ਲੰਬਿਤ ਹਨ ਤਾਂ ਸੰਬੰਧਿਤ ਵਿਭਾਗ ਵੱਲੋਂ ਸਥਿਤੀ ਸਪੱਸ਼ਟ ਕਰਨੀ ਅਤੇ ਲੰਬਿਤ ਮਾਮਲਿਆਂ ਦਾ ਜਲਦੀ ਨਿਪਟਾਰਾ ਕਰਨਾ ਜ਼ਰੂਰੀ ਹੈ।
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਾਲੇਰਕੋਟਲਾ ਵਿਖੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਣਅਧਿਕਾਰਿਤ ਈ-ਰਿਕਸ਼ਾ ਵਿਕਰੇਤਾਵਾਂ ਖ਼ਿਲਾਫ਼ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।