ਭਵਾਨੀਗੜ੍ਹ, 27 ਜੁਲਾਈ (ਲਖਵਿੰਦਰ ਪਾਲ ਗਰਗ) - ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਦੇ ਰੇਟ ਜਿੱਥੇ ਅਸਮਾਨ ਨੂੰ ਛੂਹ ਰਹੇ ਹਨ ਉੱਥੇ ਹੀ ਸੰਗਰੂਰ ਦੀ ਇੱਕ ਗੈਸ ਏਜੰਸੀ ਵਲੋਂ ਧੱਕੇ ਨਾਲ ਉਪਭੋਗਤਾਵਾਂ ਕੋਲੋਂ ਗੈਸ ਸਿੰਲਡਰ ਦੀ ਨਿਰਧਾਰਿਤ ਕੀਮਤ ਨਾਲੋਂ ਵੱਧ ਰੁਪਏ ਵਸੂਲੇ ਜਾ ਰਹੇ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿ ਪਿੰਡ ਘਰਾਚੋਂ ਵਿਖੇ ਸੰਗਰੂਰ ਦੀ ਸਵਰਨ ਗੈਸ ਏਜੰਸੀ ਵਲੋਂ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਦੇਣ ਲਈ ਆਉਂਦੀ ਗੱਡੀ ਵਾਲੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਵਲੋਂ ਉਪਭੋਗਤਾਵਾਂ ਕੋਲੋਂ ਇੱਕ ਸਿਲੰਡਰ ਦੀ ਕੀਮਤ 970 ਰੁਪਏ ਲਏ ਜਾਂਦੇ ਹਨ ਜਦੋ ਕਿ ਰਜਿਸਟਰਡ ਮੋਬਾਈਲ ਨੰਬਰ ’ਤੇ ਸਿਲੰਡਰ ਦੀ ਕੀਮਤ ਦਾ 963 ਰੁਪਏ ਦਾ ਮੈਸੇਜ਼ ਆਉਂਦਾ ਹੈ। ਜਦੋਂ ਉਪਭੋਗਤਾ ਨੇ ਗੈਸ ਸਿਲੰਡਰ ਦੇਣ ਆਏ ਗੈਸ ਏਜੰਸੀ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਨੂੰ ਵਾਧੂ ਲਏ ਜਾਂਦੇ ਰੁਪਿਆਂ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਕਿ ਅਗਰ ਪੂਰੇ ਰੁਪਏ ਦੇਣੇ ਹਨ ਤਾਂ ਉਹ ਗੈਸ ਸਿੰਲਡਰ ਇੱਥੇ ਨਹੀਂ ਦੇਵੇਗਾ ਤੁਸੀਂ ਇਹ ਗੈਸ ਸਿਲੰਡਰ ਗੋਦਾਮ ਤੋਂ ਖ਼ੁਦ ਲੈ ਕੇ ਆਓ। ਇਸ ਲਈ ਗੈਸ ਏਜੰਸੀ ਵਲੋਂ ਉਪਭੋਗਤਾਵਾਂ ਕੋਲੋਂ ਧੱਕੇ ਨਾਲ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ ਨਾਲੋਂ ਵੱਧ ਪੈਸੇ ਵਸੂਲ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਿਸ ਕਾਰਨ ਉਪਭੋਗਤਾਵਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਵਰਨ ਗੈਸ ਏਜੰਸੀ ਦੇ ਮਾਲਕ ਚਰਨ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ ਤੋਂ ਵੱਧ ਰੁਪਏ ਲੈਣ ਲਈ ਨਹੀਂ ਕਿਹਾ ਜਾਂਦਾ ਅਗਰ ਸਾਡੀ ਏਜੰਸੀ ਦਾ ਮੁਲਾਜਮ ਅਜਿਹਾ ਕੁਝ ਕਰਦਾ ਹੈ ਤਾਂ ਉਹ ਬਿਲਕੁੱਲ ਹੀ ਗਲਤ ਕਰ ਰਿਹਾ ਹੈ। ਮੈਂ ਇਸ ਸਬੰਧੀ ਜਾਂਚ-ਪੜਤਾਲ ਕਰਦਾ ਹਾਂ। ਇਸ ਸਬੰਧੀ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਅਫ਼ਸਰ ਗੁਰਪ੍ਰੀਤ ਸਿੰਘ ਕੰਗ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵਾਲੇ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ ਨਹੀਂ ਵਸੂਲ ਸਕਦੇ ਇਹ ਬਿਲਕੁੱਲ ਹੀ ਗਲਤ ਹੈ। ਉਨ੍ਹਾਂ ਕਿਹਾ ਉਪਭੋਗਤਾ ਕੋਲੋਂ ਗੈਸ ਸਿਲੰਡਰ ਦੀ ਲਈ ਜਾਂਦੀ ਕੀਮਤ ’ਚ ਹੀ ਗੈਸ ਏਜੰਸੀ ਨੇ ਚਾਹੇ ਪਿੰਡ ਹੈ ਜਾਂ ਸ਼ਹਿਰ ਉਪਭੋਗਤਾ ਨੂੰ ਡਲਿਵਰੀ ਕਰਨੀ ਲਾਜ਼ਮੀ ਹੁੰਦੀ ਹੈ। ਇਸ ਮਾਮਲੇ ਦੀ ਚੈਕਿੰਗ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪਿੰਡ ਘਰਾਚੋਂ ਦੇ ਸਰਪੰਚ ਦਲਜੀਤ ਸਿੰਘ ਘੁਮਾਣ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵਾਲੇ ਉਪਭੋਗਤਾਵਾਂ ਕੋਲ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ ਤੋਂ ਵੱਧ ਰੁਪਏ ਵਸੂਲ ਰਹੇ ਹਨ ਤਾਂ ਉਹ ਇਹ ਗਲਤ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਹ ਵੀ ਇਸ ਸਬੰਧੀ ਗੈਸ ਏਜੰਸੀ ਵਾਲਿਆਂ ਨਾਲ ਗੱਲਬਾਤ ਕਰਨਗੇ। ਇਸ ਸਬੰਧੀ ਵਕੀਲ ਗੁਰਬਚਨ ਸਿੰਘ ਨਹਿਲ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਆਮ ਆਦਮੀ ਪਾਰਟੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵਲੋਂ ਉਪਭੋਗਤਾਵਾਂ ਕੋਲੋਂ ਗੈਸ ਸਿਲੰਡਰ ਦੀ ਨਿਰਧਾਰਿਤ ਕੀਮਤ ਤੋਂ ਵੱਧ ਰੁਪਏ ਵਸੂਲਣੇ ਬਿਲਕੁੱਲ ਹੀ ਗਲਤ ਗੱਲ ਹੈ। ਇਸ ਸਬੰਧੀ ਸਬੰਧਿਤ ਵਿਭਾਗ ਨੂੰ ਮਾਮਲੇ ਦੀ ਜਾਂਚ-ਪੜਤਾਲ ਕਰਕੇ ਗੈਸ ਏਜੰਸੀ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।