ਫ਼ਿਰੋਜ਼ਪੁਰ, 13 ਫਰਵਰੀ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਲੋਂ ਜ਼ਿਲ੍ਹੇ ਦੇ ਕਰੀਬ 15 ਸਕੂਲਾਂ ਦੇ ਮੈਡੀਕਲ ਤੇ ਨਾਨ-ਮੈਡੀਕਲ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਜੇ. ਈ. ਈ. ਮੇਨਸ ਤੇ ਨੀਟ ਵਰਗੀਆਂ ਕੌਮੀ ਪੱਧਰ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਲਈ ਮੌਕ ਟੈੱਸਟ ਕਰਵਾਇਆ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਰੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਟੈੱਸਟ ਵਿਚ ਲਗਪਗ 400 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮੌਕ ਟੈੱਸਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੇ. ਈ. ਈ. ਮੇਨਸ ਤੇ ਨੀਟ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਅਤੇ ਪ੍ਰਸ਼ਨਾਂ ਦੀ ਕਿਸਮ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਸੀ | ਟੈੱਸਟ ਦੌਰਾਨ ਵਿਦਿਆਰਥੀਆਂ ਨੂੰ ਸਮੇਂ ਦੇ ਪ੍ਰਬੰਧਨ ਤੇ ਪ੍ਰਸ਼ਨਾਂ ਦੇ ਸਹੀ ਹੱਲ ਦੀ ਪ੍ਰੈਕਟਿਸ ਕਰਵਾਈ ਗਈ | ਇਸ ਮੌਕੇ ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਕਸਰ ਉਨ੍ਹਾਂ ਦੇ ਸਕੂਲਾਂ ਵਿਚ ਦੌਰੇ ਕਰਕੇ ਉੱਚ ਸਿੱਖਿਆ, ਦਾਖਲਾ ਪ੍ਰੀਖਿਆਵਾਂ ਤੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ, ਨਾਲ ਹੀ ਸਰਕਾਰ ਵਲੋਂ ਜਨਰਲ, ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਤੇ ਐੱਸ. ਸੀ. ਐੱਸ. ਟੀ. ਵਿਦਿਆਰਥੀਆਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਜਾਂਦਾ ਹੈ | ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੌਕ ਟੈੱਸਟ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨਾ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ਾਂ ਨਾਲ ਇਕ ਕੜੀ ਵਜੋਂ ਜੁੜਿਆ ਹੈ | ਟੈੱਸਟ ਦੇ ਆਯੋਜਨ ਵਿਚ ਡੀਨ ਅਕਾਦਮਿਕ ਡਾ. ਰਾਜੀਵ ਗਰਗ, ਕੰਟਰੋਲਰ ਐਗਜ਼ਾਮੀਨੇਸ਼ਨ ਡਾ. ਰਜਨੀ, ਕੋਆਰਡੀਨੇਟਰ ਡਾ. ਬੋਹੜ ਸਿੰਘ ਸਮੇਤ ਹੋਰ ਫੈਕਲਟੀ ਤੇ ਸਟਾਫ਼ ਮੈਂਬਰਾਂ ਦੀ ਵਿਸ਼ੇਸ਼ ਭੂਮਿਕਾ ਰਹੀ |