ਫਿਰੋਜ਼ਪੁਰ, 13 ਫਰਵਰੀ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲਿਆਂ ਤੇ ਵਪਾਰੀਆਂ ਉੱਪਰ ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵਲੋਂ ਥਾਪੇ ਗਏ ਵਾਧੂ ਟੈਕਸ ਕਾਰਨ ਪਏ ਮਾਰੂ ਬੋਝ ਦੀ ਕਾਂਗਰਸ ਦੇ ਸੂਬਾਈ ਆਗੂ ਪਰਮਿੰਦਰ ਸਿੰਘ ਪਿੰਕੀ ਸਾਬਕਾ ਵਿਧਾਇਕ ਵਲੋਂ ਜ਼ੋਰਦਾਰ ਨਿੰਦਾ ਕੀਤੀ ਗਈ ਹੈ | ਦੱਸਣਯੋਗ ਹੈ ਕਿ ਫਿਰੋਜ਼ਪੁਰ ਛਾਉਣੀ ਅੰਦਰ ਕੈਂਟ ਬੋਰਡ ਵਲੋਂ ਰਿਹਾਇਸ਼ੀ 10 ਫ਼ੀਸਦੀ ਤੇ ਕਮਰਸ਼ੀਅਲ 15 ਫ਼ੀਸਦੀ ਜਾਇਦਾਦਾਂ ਦੇ ਟੈਕਸ ਰੇਟਾਂ 'ਚ ਵੱਡਾ ਵਾਧਾ ਕੀਤਾ, ਜਿਸ ਨਾਲ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਤੇ ਬੇਲੋੜਾ ਆਰਥਿਕ ਅਤੇ ਮਾਨਸਿਕ ਬੋਝ ਵਧੇਗਾ | ਲੋਕ ਆਵਾਜ਼ ਬੁਲੰਦ ਕਰਦਿਆਂ ਪਿੰਕੀ ਦੱਸਿਆ ਕਿ ਛਾਉਣੀ ਵਾਸੀਆਂ ਦਾ ਕਹਿਣਾ ਹੈ ਕਿ ਬੋਰਡ ਵਲੋਂ ਸੁਝਾਅ ਤਾਂ ਮੰਗੇ ਗਏ ਪਰ ਉਨ੍ਹਾਂ ਨੂੰ ਗੰਭੀਰਤਾ ਨਾਲ ਨਾ ਤਾਂ ਵਿਚਾਰਿਆ ਤੇ ਨਾ ਹੀ ਲੋਕਾਂ ਦੀ ਆਵਾਜ਼ ਨੂੰ ਮਾਣ ਦਿੱਤਾ ਗਿਆ | ਇਹ ਫ਼ੈਸਲਾ ਲੋਕ-ਹਿਤ ਦੇ ਵਿਰੁੱਧ ਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਦੇ ਬਰਾਬਰ ਹੈ | ਸਾਬਕਾ ਵਿਧਾਇਕ ਕਿਹਾ ਕਿ ਇਸ ਮਾਰੂ ਫ਼ੈਸਲੇ ਨਾਲ ਮੱਧਵਰਗੀ ਤੇ ਪੈਨਸ਼ਨਰ ਪਰਿਵਾਰਾਂ 'ਤੇ ਵਾਧੂ ਆਰਥਿਕ ਬੋਝ ਵਧੇਗਾ, ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਗੰਭੀਰ ਮਾਲੀ ਸੰਕਟ ਪੈਦਾ ਹੋਵੇਗਾ, ਕਿਰਾਏ ਤੇ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੇ ਭਾਅ ਵਧਣ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ, ਘਰੇਲੂ ਬਜਟ ਤੇ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪਵੇਗਾ | ਛਾਉਣੀ ਵਾਸੀਆਂ ਦੀ ਆਵਾਜ਼ ਬੁਲੰਦ ਕਰਦਿਆਂ ਸਾਬਕਾ ਵਿਧਾਇਕ ਪਿੰਕੀ ਨੇ ਮੰਗ ਕੀਤੀ ਕਿ ਕੈਂਟ ਬੋਰਡ ਵਧਾਏ ਗਏ ਟੈਕਸ ਰੇਟਾਂ 'ਤੇ ਮੁੜ ਵਿਚਾਰ ਕਰਨ ਲਈ ਛਾਉਣੀ ਵਾਸੀਆਂ ਨਾਲ ਖੁੱਲ੍ਹੀ ਮੀਟਿੰਗ ਕਰੇ ਤੇ ਪਾਰਦਰਸ਼ੀ ਢੰਗ ਨਾਲ ਲੋਕ ਹਿਤ ਦੇਖ ਬੋਰਡ ਆਮ ਪਰਿਵਾਰਾਂ ਤੇ ਛੋਟੇ ਵਪਾਰੀਆਂ ਨੂੰ ਰਾਹਤ ਦੇਵੇ | ਸਰਕਾਰੀ ਨਾਦਰਸ਼ਾਹੀ ਫ਼ਰਮਾਨਾਂ ਖ਼ਿਲਾਫ਼ ਲੋਕਾਂ ਨੂੰ ਲਾਮਬੱਧ ਹੋਣ ਦਾ ਸੱਦਾ ਦਿੰਦਿਆਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬੋਰਡ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਧਾਏ ਟੈਕਸ ਵਾਪਸ ਨਾ ਲਏ ਤਾਂ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ | ਲੋਕ ਆਵਾਜ਼ ਬਣ ਕੇ ਸੰਘਰਸ਼ ਨਾਲ ਲੋਕ ਮਾਰੂ ਟੈਕਸ ਵਾਪਸ ਕਰਵਾ ਕੇ ਦਮ ਲਵੇਗੀ | ਉਨ੍ਹਾਂ ਕਿਹਾ ਇਹ ਬੇਇਨਸਾਫ਼ੀ ਬਰਦਾਸ਼ਤ ਕਰਾਂਗੇ ਤੇ ਨਾ ਹੀ ਧੱਕੇਸ਼ਾਹੀ ਨੂੰ ਸਵੀਕਾਰ ਕਰਾਂਗੇ ਸਗੋਂ ਏਕਤਾ ਨਾਲ ਸੰਵਿਧਾਨ ਦੇ ਘੇਰੇ ਵਿਚ ਰਹਿ ਇਨਸਾਫ ਲਵਾਂਗੇ | ਇਸ ਮੌਕੇ ਸੁਰਜੀਤ ਸਿੰਘ ਸੇਠੀ, ਹਰਿੰਦਰ ਸਿੰਘ ਖੋਸਾ, ਰਵੀ ਤਾਇਲ, ਸਤੀਸ਼ ਸ਼ਰਮਾ, ਰਾਜੇਸ਼ ਗੋਇਲ, ਸੰਜੇ ਗੁਪਤਾ, ਡਾ. ਉਮੇਸ਼ ਸ਼ਰਮਾ, ਡਾ. ਵਿਜੈ ਜੈਨ, ਰੂਪ ਨਰਾਇਣ, ਬੇਅੰਤ ਸਿਕਰੀ, ਬਾਲ ਕਿਸ਼ਨ ਮਿੱਤਲ, ਵਿਕਾਸ ਮਿੱਤਲ, ਹਰੀਸ਼ ਮਿੱਤਲ, ਰਾਜਾ ਪ੍ਰਧਾਨ, ਜਾਨੂ ਜੈਨ, ਸੁਭਾਸ਼ ਮਿੱਤਲ, ਵਿਸ਼ਾਲ ਸਿੱਕਾ, ਬਿੱਟੂ ਸਾਂਘਾ, ਤਰਸੇਮ ਲਾਲ ਗਰਗ, ਆਯੂਸ਼ ਗੁਪਤਾ, ਬਿਸ਼ਨ ਜੈਨ ਅਤੇ ਫਿਰੋਜ਼ਪੁਰ ਛਾਉਣੀ ਦੇ ਹੋਰ ਵਸਨੀਕ ਨਾਲ ਸਨ |