ਫ਼ਿਰੋਜ਼ਪੁਰ, 13 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਿਲ ਕੀਤੀ ਹੈ | ਐੱਸ. ਐੱਸ. ਪੀ. ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਡੀ. ਐੱਸ. ਪੀ. (ਸਿਟੀ) ਦੀ ਰਹਿਨੁਮਾਈ ਹੇਠ, ਥਾਣਾ ਕੈਂਟ ਦੇ ਮੁੱਖ ਅਫ਼ਸਰ ਸੁਖਚੈਨ ਮਹਿਤਾ ਅਤੇ ਉਨ੍ਹਾਂ ਦੀ ਟੀਮ ਨੇ ਬਜ਼ੁਰਗ ਜੋੜੇ ਨਾਲ ਲੁੱਟ-ਖੋਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਜ਼ਿਕਰਯੋਗ ਹੈ ਕਿ ਬੀਤੀ 28 ਜਨਵਰੀ 2026 ਨੂੰ ਫ਼ਿਰੋਜ਼ਪੁਰ ਕੈਂਟ ਇਲਾਕੇ 'ਚ ਇਕ ਬਜ਼ੁਰਗ ਜੋੜਾ ਆਪਣੀ ਐਕਟਿਵਾ ਸਕੂਟਰੀ 'ਤੇ ਜਾ ਰਿਹਾ ਸੀ | ਇਸ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿੱਛੇ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਸਨ | ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸਾਗਰ ਪੁੱਤਰ ਸੀਰਾ ਵਾਸੀ ਪਾਲਾਸਰ, ਤਰਨਤਾਰਨ ਅਤੇ ਮਨਕੋਮਲ ਸਿੰਘ ਉਰਫ਼ ਕੋਬਾ ਪੁੱਤਰ ਚੰਨ ਸਿੰਘ ਵਾਸੀ ਆਰਿਫ਼ ਕੇ, ਫ਼ਿਰੋਜ਼ਪੁਰ ਵਜੋਂ ਹੋਈ ਹੈ | ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ 'ਚ ਸ਼ਾਮਿਲ ਰਹੇ ਹਨ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ | ਤਫ਼ਤੀਸ਼ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ 'ਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਚੋਰਾਂ ਕੋਲੋਂ 1 ਸੈੱਟ ਸੋਨੇ ਦੀਆਂ ਵਾਲੀਆਂ ਜੋ ਬਜ਼ੁਰਗ ਮਹਿਲਾ ਤੋਂ ਖੋਹੀਆਂ ਗਈਆਂ ਸਨ, 13 ਮੋਬਾਈਲ ਫ਼ੋਨ ਵੱਖ-ਵੱਖ ਕੰਪਨੀਆਂ ਦੇ, 2 ਮੋਟਰਸਾਈਕਲ, 2 ਐੱਲ. ਈ. ਡੀ. ਟੀ. ਵੀ., 1 ਸਮਾਰਟ ਘੜੀ ਬਰਾਮਦ ਕੀਤਾ | ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 32, ਮਿਤੀ 13.02.2026 ਨੂੰ ਬੀ. ਐੱਨ. ਐੱਸ. ਦੀਆਂ ਧਾਰਾਵਾਂ 303 (2), 304, ਤੇ 317(2) ਤਹਿਤ ਨਵਾਂ ਕੇਸ ਦਰਜ ਕੀਤਾ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕੇ 'ਚ ਹੋਈਆਂ ਹੋਰ ਚੋਰੀਆਂ ਤੇ ਲੁੱਟਾਂ-ਖੋਹਾਂ ਦੇ ਖ਼ੁਲਾਸੇ ਹੋਣ ਦੀ ਉਮੀਦ ਹੈ |