ਫ਼ਿਰੋਜ਼ਪੁਰ, 30 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਪੂਰੀ ਦੁਨੀਆ ਵਿਚ ਰੱਬੀ ਰੂਹ ਵਜੋਂ ਜਾਣੇ ਜਾਂਦੇ ਸਮਾਜਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵਲੋਂ ਕਾਮਰੇਡ ਦਿਆਲ ਸਿੰਘ ਸੰਧੂ ਯਾਦਗਾਰੀ ਹਾਲ ਫ਼ਿਰੋਜ਼ਪੁਰ ਵਿਖੇ ਕੰਮ ਕਰਨ ਤੋਂ ਅਸਮਰਥ ਵਿਅਕਤੀਆਂ ਅਤੇ ਦਿਮਾਗ਼ੀ ਤੌਰ 'ਤੇ ਬਿਮਾਰ ਵਿਅਕਤੀਆਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਮਹੀਨਾਵਾਰ ਚੈੱਕ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਸਿਟੀ ਅਤੇ ਛਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ, ਸਿਟੀ ਅਤੇ ਛਾਉਣੀ ਇੰਚਾਰਜ ਇਸਤਰੀ ਵਿੰਗ ਤਲਵਿੰਦਰ ਕੌਰ ਮੈਂਬਰ ਰਣਧੀਰ ਜੋਸ਼ੀ ਵਲੋਂ ਵੰਡੇ ਗਏ | ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ.ਓਬਰਾਏ ਵਲੋਂ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਭਲਾਈ ਦੇ ਕਾਰਜ ਬਿਨਾਂ ਕਿਸੇ ਤੋਂ ਮਦਦ ਲਏ ਬਗੈਰ ਆਪਣੀ ਕਿਰਤ ਕਮਾਈ ਵਿਚੋਂ ਲਗਾਤਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਅੰਗਹੀਣਾਂ, ਦਿਮਾਗ਼ੀ ਤੌਰ 'ਤੇ ਬਿਮਾਰਾਂ ਅਤੇ ਮੈਡੀਕਲ ਸਹਾਇਤਾ ਲਈ ਮਹੀਨਾਵਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਚਾਰ ਕਿਡਨੀ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਕ ਮਹੀਨੇ ਦੀਆਂ ਦੋ-ਦੋ ਡਾਇਲੈਸਿਸ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਅਨੇਕਾਂ ਹੀ ਲੋਕ ਭਲਾਈ ਦੇ ਕਾਰਜ ਚੱਲ ਰਹੇ ਹਨ ਅਤੇ ਅੱਗੇ ਹੋਰ ਵੀ ਕਈ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ |