•98.39 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ
•12 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਬਣਾਈ ਥਾਂ
ਫ਼ਿਰੋਜ਼ਪੁਰ, 11 ਮਈ (ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਈ ਹੈ, ਸਗੋਂ ਪਾਸ ਪ੍ਰਤੀਸ਼ਤਤਾ ਵਿਚ ਵੀ ਸੂਬੇ ਭਰ ਵਿਚ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਜ਼ਿਲ੍ਹੇ ਦੀ ਕੁੱਲ ਪਾਸ ਪ੍ਰਤੀਸ਼ਤਤਾ 98.39 ਫ਼ੀਸਦੀ ਦਰਜ ਕੀਤੀ ਗਈ | ਜੋ ਕਿ ਸਿੱਖਿਆ ਖੇਤਰ ਲਈ ਮਾਣ ਵਾਲੀ ਉਪਲਬਧੀ ਮੰਨੀ ਜਾ ਰਹੀ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਅਕ ਵਰ੍ਹੇ 2025-26 ਦੀਆਂ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੁੱਲ 9334 ਵਿਦਿਆਰਥੀਆਂ ਨੇ ਭਾਗ ਲਿਆ | ਜਿਨ੍ਹਾਂ ਵਿਚੋਂ 9184 ਵਿਦਿਆਰਥੀ ਸਫਲ ਰਹੇ | ਉਨ੍ਹਾਂ ਕਿਹਾ ਕਿ ਇਹ ਨਤੀਜੇ ਅਧਿਆਪਕਾਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 12 ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਫ਼ਿਰੋਜ਼ਪੁਰ ਨੂੰ ਮਾਣ ਬਖ਼ਸ਼ਿਆ ਹੈ | ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਖੁਸ਼ਹਾਲ ਸਿੰਘ ਵਾਲਾ ਦੇ ਵਿਦਿਆਰਥੀ ਬਲਕਰਨਜੀਤ ਸਿੰਘ ਨੇ 98.31 ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ 6ਵਾਂ ਰੈਂਕ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੀ ਵਿਦਿਆਰਥਣ ਅਸ਼ੀਸ਼ ਦੀਪ ਕੌਰ ਨੇ 97.54 ਫ਼ੀਸਦੀ ਅੰਕਾਂ ਨਾਲ 11ਵਾਂ ਅਤੇ ਇਸੇ ਸਕੂਲ ਦੀ ਸੁਖਮਨਦੀਪ ਕੌਰ ਨੇ 97.38 ਫ਼ੀਸਦੀ ਅੰਕਾਂ ਨਾਲ 12ਵਾਂ ਰੈਂਕ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੈਸਮੀਨ ਕੌਰ (ਗੁਰੂ ਰਾਮਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਾਵਲਪੁਰ) ਨੇ 96.92 ਫ਼ੀਸਦੀ, ਅਨੂਪਵੀਰ ਕੌਰ (ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਕੂਰ) ਨੇ 96.77 ਫ਼ੀਸਦੀ, ਸਿਮਰਨਦੀਪ ਕੌਰ (ਖ਼ਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ) ਅਤੇ ਪੁਨੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ) ਨੇ 96.62 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਆਸ਼ਿਆਨਾ ਖ਼ਾਤੂਨ (ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੀਰਾ) ਨੇ ਨੇ 96.46 ਫ਼ੀਸਦੀ, ਜਦਕਿ ਏਕਮਪ੍ਰੀਤ ਕੌਰ ਪੁੱਤਰੀ ਨਿਸ਼ਾਨ ਸਿੰਘ ਤੇ ਏਕਮਪ੍ਰੀਤ ਕੌਰ ਪੁੱਤਰੀ ਰਜਿੰਦਰਪਾਲ ਸਿੰਘ (ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ), ਗੁਰਮਹਿਲ ਸਿੰਘ ( ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਕੂਰ) ਅਤੇ ਪ੍ਰਭਜੋਤ ਕੌਰ (ਖ਼ਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਹਰਸਹਾਏ) ਨੇ 96 ਫ਼ੀਸਦੀ ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ | ਸਿੱਖਿਆ ਅਧਿਕਾਰੀਆਂ ਨੇ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਅਤੇ ਮਾਪਿਆਂ ਦੇ ਉਤਸ਼ਾਹਪੂਰਵਕ ਸਹਿਯੋਗ ਨੂੰ ਦਿੰਦਿਆਂ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਸ਼ਿਵਾਲਿਕ ਮਾਡਲ ਸਕੂਲ ਮੁੱਦਕੀ
ਮੁੱਦਕੀ, (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਬੇਹੱਦ ਸ਼ਾਨਦਾਰ ਅਤੇ ਸੌ ਫ਼ੀਸਦੀ ਰਿਹਾ | ਇਸ ਮੌਕੇ ਸਕੂਲ ਦੇ ਇੰਚਾਰਜ ਡਾ. ਸੁਨੀਤਾ ਅਗਰਵਾਲ ਨੇ ਦੱਸਿਆ ਕਿ ਸਕੂਲ ਦੇ ਬੇਹੱਦ ਮਿਹਨਤੀ ਅਤੇ ਸੁਯੋਗ ਸਟਾਫ਼ ਦੀ ਮਿਹਨਤ ਸਦਕਾ ਵਿਦਿਆਰਥੀ ਤਰੱਕੀ ਦੀਆਂ ਪੁਲਾਂਘਾਂ ਪੁੱਟਦੇ ਹੋਏ ਰੌਸ਼ਨ ਭਵਿੱਖ ਵੱਲ ਜਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਪਹਿਲੇ ਸਥਾਨ 'ਤੇ, ਇਕਬਾਲ ਸਿੰਘ ਚੰਦੜ ਦੂਜੇ ਸਥਾਨ 'ਤੇ ਅਤੇ ਸੁਖਮਨਦੀਪ ਸਿੰਘ ਤੀਸਰੇ ਸਥਾਨ 'ਤੇ ਰਹੇ | ਉਨ੍ਹਾਂ ਨੇ ਇਸ ਮੌਕੇ ਮਾਪਿਆਂ ਅਤੇ ਬੱਚਿਆਂ ਨੂੰ ਤਹਿ ਦਿਲੋਂ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |
ਸਰਕਾਰੀ ਕੰਨਿਆ ਸਕੂਲ
ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਆਏ ਨਤੀਜਿਆਂ ਵਿਚ ਜ਼ੀਰਾ ਦੇ ਸ਼ਹੀਦ ਗੁਰਦਾਸਪੁਰ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਹਾਸਲ ਕਰਕੇ ਲਗਾਤਾਰ ਪੰਜਵੀਂ ਵਾਰੀ ਸਕੂਲ ਦੇ ਰਿਕਾਰਡ ਨੂੰ ਕਾਇਮ ਰੱਖਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਰਕੇਸ਼ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਆਸੀਸਦੀਪ ਕੌਰ ਨੇ 650 ਵਿਚੋਂ 634 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ 11ਵਾਂ ਰੈਂਕ, ਸੁਖਮਨਦੀਪ ਕੌਰ ਨੇ 633 ਅੰਕ ਹਾਸਲ ਕਰਕੇ ਬਾਰ੍ਹਵਾਂ ਰੈਂਕ ਅਤੇ ਆਸ਼ਿਆਨਾ ਖਾਤੂਨ ਨੇ 627 ਅੰਕ ਹਾਸਿਲ ਕਰਕੇ ਪੰਜਾਬ ਭਰ ਵਿਚ 18 ਵਾਂ ਰੈਂਕ ਪ੍ਰਾਪਤ ਕੀਤਾ | ਉਹਨਾਂ ਅੱਗੇ ਦੱਸਿਆ ਕਿ ਅੱਠਵੀਂ ਜਮਾਤ ਵਿਚੋਂ ਵੀ ਦੋ ਵਿਦਿਆਰਥਣਾਂ ਸਿਮਰਪ੍ਰੀਤ ਅਤੇ ਜਸਮੀਤ ਕੌਰ ਪਹਿਲਾਂ ਹੀ ਮੈਰਿਟ ਹਾਸਲ ਕਰ ਚੁੱਕੀਆਂ ਹਨ | ਉਹਨਾਂ ਸਕੂਲ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਮਿਹਨਤੀ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਵਿਦਿਆਰਥਣਾਂ ਅਸੀਸਦੀਪ ਸੁਖਮਨਦੀਪ ਅਤੇ ਆਸ਼ਿਆਨਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਮਾਤ ਇੰਚਾਰਜ ਜੋਤੀ ਢੀਂਗੜਾ, ਹਿਨਾ ਕੌਸ਼ਿਕ, ਵੀਰਪਾਲ ਕੌਰ, ਕਿਰਨਦੀਪ ਕੌਰ, ਗੁਰਜੀਤ ਕੌਰ, ਸ਼ਰਨਜੀਤ ਕੌਰ, ਪਰਮਜੀਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ |
ਅਭੈਜੋਤ ਸਿੱਧੂ ਨੇ 88 ਫ਼ੀਸਦੀ ਅੰਕ ਹਾਸਿਲ ਕੀਤੇ
ਮਮਦੋਟ, (ਸੁਖਦੇਵ ਸਿੰਘ ਸੰਗਮ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ਦੌਰਾਨ ਬਲਾਕ ਮਮਦੋਟ ਦੇ ਪਿੰਡ ਹਾਮਦ ਤੋਂ ਮਾਸਟਰ ਲਖਬੀਰ ਸਿੰਘ ਸਿੱਧੂ ਦੇ ਬੇਟੇ ਅਭੈਜੋਤ ਸਿੰਘ ਸਿੱਧੂ ਨੇ ਚੰਗਾ ਪ੍ਰਦਰਸ਼ਨ ਕਰਦਿਆਂ 88 ਫ਼ੀਸਦੀ ਅੰਕ ਲੈ ਕੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ | ਇਸ ਬਾਬਤ ਅਭੈ ਦੇ ਪਿਤਾ ਮਾਸਟਰ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਐਚ ਕੇ .ਐਲ ਪਬਲਿਕ ਸਕੂਲ ਗੁਰੂਹਰਸਹਾਏ ਦਾ ਵਿਦਿਆਰਥੀ ਹੈ | ਜਿੱਥੇ ਉਹ ਖੁਦ ਪੜ੍ਹਨ ਵਿਚ ਹੁਸ਼ਿਆਰ ਅਤੇ ਹੋਣਹਾਰ ਹੈ, ਉੱਥੇ ਹੀ ਸਕੂਲ ਸਟਾਫ਼ ਵਲੋਂ ਦਿੱਤੇ ਜਾਂਦੇ ਚੰਗੇ ਸੰਸਕਾਰ ਅਤੇ ਪੜ੍ਹਾਈ ਲਈ ਕਰਵਾਈ ਜਾਂਦੀ ਮਿਹਨਤ ਸਦਕਾ ਉਨ੍ਹਾਂ ਦੇ ਬੇਟੇ ਨੇ ਇਹ ਮੁਕਾਮ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਸਮੁੱਚਾ ਸਕੂਲ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ |
ਗੁਰਨਾਜ਼ ਥਿੰਦ ਨੇ ਦਸਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਵਾਸੀ ਪੱਤਰਕਾਰ ਸਤਪਾਲ ਥਿੰਦ ਦੀ ਹੋਣਹਾਰ ਬੇਟੀ ਗੁਰਨਾਜ਼ ਥਿੰਦ ਨੇ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿਚ 89% ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਗੁਰਨਾਜ਼ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਸ ਗਰਲਜ਼ ਗੁਰੂਹਰਸਹਾਏ ਤੋਂ ਇੰਗਲਿਸ਼ ਮੀਡੀਅਮ ਵਿਚ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ | ਗੁਰਨਾਜ਼ ਥਿੰਦ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ | ਉਸਨੇ ਕਿਹਾ ਕਿ ਟੀਚਰਾਂ ਦੀ ਪੇ੍ਰਰਨਾ ਅਤੇ ਦੱਸੇ ਰਾਹ 'ਤੇ ਚੱਲ ਕੇ ਹੀ ਉਹ ਇਹ ਮੁਕਾਮ ਹਾਸਲ ਕਰਨ ਵਿਚ ਸਫਲ ਰਹੀ | ਇਸ ਮੌਕੇ 'ਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਵੀ ਬਹੁਤ-ਬਹੁਤ ਵਧਾਈਆਂ, ਜਿਨ੍ਹਾਂ ਦੀ ਲਗਨ ਅਤੇ ਮਿਹਨਤ ਨਾਲ ਵਿਦਿਆਰਥੀ ਨਵੇਂ ਮੁਕਾਮ ਹਾਸਲ ਕਰ ਰਹੇ ਹਨ |
ਸ੍ਰੀ ਗੁਰੂ ਰਾਮਦਾਸ ਸਕੂਲ
ਜ਼ੀਰਾ (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਜ਼ੀਰਾ ਨੇੜਲੇ ਪਿੰਡ ਬਹਾਵਲਪੁਰ ਦੀ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮੀਨਾਕਸ਼ੀ ਚਾਵਲਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ 90% ਤੋਂ 95% ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉੱਥੇ ਹੀ ਸਕੂਲ ਦੀ ਵਿਦਿਆਰਥਣ ਜੈਸ਼ਮੀਨ ਕੌਰ ਪੁੱਤਰੀ ਗੁਰਜੰਟ ਸਿੰਘ ਪਿੰਡ ਮਲਸੀਆਂ ਨੇ ਜ਼ਿਲ੍ਹੇ ਵਿਚੋਂ ਚੌਥਾ ਅਤੇ ਪੰਜਾਬ 'ਚੋਂ 15ਵਾਂ ਰੈਂਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ | ਉਹਨਾਂ ਦੱਸਿਆ ਕਿ ਬਾਕੀ ਵਿਦਿਆਰਥੀ ਏਕਮ ਕੌਰ ਪੁੱਤਰੀ ਸਤਨਾਮ ਸਿੰਘ 95% ,ਪ੍ਰਭਜੀਤ ਕੌਰ ਸਪੁੱਤਰੀ ਗੁਰਪ੍ਰਤਾਪ ਸਿੰਘ 95% ,ਪ੍ਰਭਜੋਤ ਕੌਰ ਸਪੁੱਤਰੀ ਹਰਮਨਦੀਪ ਸਿੰਘ 94%, ਏਕਨੂਰ ਕੌਰ ਪੁੱਤਰੀ ਜੋਰਾ ਸਿੰਘ 93% ,ਪਵਨਪ੍ਰੀਤ ਕੌਰ ਪੁੱਤਰੀ ਜਗਦੀਪ ਸਿੰਘ 92% ,ਦਿਲਪ੍ਰੀਤ ਕੌਰ ਪੁੱਤਰੀ ਗੁਰਦੇਵ ਸਿੰਘ 91.5%, ਮਨਦੀਪ ਕੌਰ ਪੁੱਤਰੀ ਸੁਖਬੀਰ ਸਿੰਘ 90%, ਗੁਰਭੇਜ ਸਿੰਘ ਪੁੱਤਰ ਬਲਵੰਤ ਸਿੰਘ ਨੇ 90% ਅੰਕ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਦੀਪ ਸਿੰਘ ਸੰਧੂ ਐਮ.ਡੀ ਮਨਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ
ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ
ਫ਼ਿਰੋਜ਼ਸ਼ਾਹ, (ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਸ਼ਕੂਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਵਿਚ ਪੜ੍ਹਦੀ ਅਨੂਪਵੀਰ ਕੌਰ ਸਪੁੱਤਰੀ ਜਸਵਿੰਦਰ ਸਿੰਘ ਅਤੇ ਗੁਰਮਹਿਕ ਸਿੰਘ ਸਪੁੱਤਰ ਲਖਵਿੰਦਰ ਸਿੰਘ ਸ਼ਹਿਜ਼ਾਦੀ ਨੇ ਬੋਰਡ ਦੀ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਪੂਰੇ ਪੰਜਾਬ 'ਚ ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਨੂਪਵੀਰ ਕੌਰ ਨੇ ਜ਼ਿਲ੍ਹਾ ਫ਼ਿਰੋਜਪੁਰ 'ਚੋਂ ਪੰਜਵਾਂ ਸਥਾਨ ਹਾਸਿਲ ਕੀਤਾ ਹੈ | ਸਕੂਲ ਦੇ ਚੇਅਰਪਰਸਨ ਹਰਜੀਤ ਕੌਰ ਅਤੇ ਪਿ੍ੰਸੀਪਲ ਹਰਕਰਮ ਸਿੰਘ ਸੰਧੂ, ਵਾਈਸ ਪਿ੍ੰਸੀਪਲ ਜਸਵੀਰ ਕੌਰ, ਕੋਆਰਡੀਨੇਟਰ ਦਵਿੰਦਰ ਸਿੰਘ ਵੜੰੂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਇਹ ਸਬ ਵਿਦਿਆਰਥੀਆਂ ਦੀ ਲਗਨ ਅਤੇ ਸਮੂਹ ਸਟਾਫ਼ ਦੀ ਮਿਹਨਤ ਨਾਲ ਸੰਭਵ ਹੋਇਆ ਹੈ | ਉਹਨਾਂ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ |
ਖ਼ਾਲਸਾ ਮਿਸ਼ਨ ਅਕੈਡਮੀ ਬਣੀ ਟਾਪਰ- ਡਾਇਰੈਕਟਰ ਨਿਸ਼ਾਨ ਸਿੰਘ
ਗੁਰੂਹਰਸਹਾਏ, (ਕਪਿਲ ਕੰਧਾਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿਚ ਖ਼ਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਉੱਚ ਅੰਕ ਹਾਸਲ ਕਰਕੇ ਇਲਾਕੇ ਵਿੱਚ ਸਕੂਲ ਦੀ ਵੱਖਰੀ ਪਛਾਣ ਬਣਾਈ ਹੈ | ਜਾਣਕਾਰੀ ਦਿੰਦਿਆਂ ਮੈਨੇਜਿੰਗ ਡਾਇਰੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ, ਸਪੁੱਤਰੀ ਗੁਰਪ੍ਰੀਤ ਸਿੰਘ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਬਲਾਕ ਗੁਰੂਹਰਸਹਾਏ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸਦੇ ਨਾਲ ਹੀ ਉਸਨੇ ਜ਼ਿਲ੍ਹਾ ਪੱਧਰ 'ਤੇ ਛੇਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਚਮਕਾਇਆ ਹੈ | ਉਨ੍ਹਾਂ ਦੱਸਿਆ ਕਿ ਪ੍ਰਭਜੋਤ ਕੌਰ, ਸਪੁੱਤਰੀ ਜਸਵੰਤ ਸਿੰਘ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਦੂਜਾ ਸਥਾਨ ਹਾਸਲ ਕੀਤਾ | ਜਦਕਿ ਸੁਖਜੋਤ ਕੌਰ, ਸਪੁੱਤਰੀ ਸੋਹਨ ਸਿੰਘ ਨੇ 95.5 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਿਮਰਨਦੀਪ ਕੌਰ ਅਤੇ ਪ੍ਰਭਜੋਤ ਕੌਰ ਨੇ ਮੈਰਿਟ ਸੂਚੀ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ | ਇਸ ਤੋਂ ਇਲਾਵਾ ਹਰਸ਼ਪ੍ਰੀਤ ਕੌਰ ਸੰਧੂ, ਸਪੁੱਤਰੀ ਪਿਆਰਾ ਸਿੰਘ ਨੇ 94 ਫ਼ੀਸਦੀ, ਅਮਨਦੀਪ ਕੌਰ, ਸਪੁੱਤਰੀ ਨਿਰਮਲ ਸਿੰਘ ਨੇ 92 ਫ਼ੀਸਦੀ, ਗਰੀਸ਼ਮ, ਸਪੁੱਤਰ ਸੰਦੀਪ ਕੁਮਾਰ ਨੇ 91.3 ਫ਼ੀਸਦੀ ਅਤੇ ਹਰਮਨਪ੍ਰੀਤ ਕੌਰ, ਸਪੁੱਤਰੀ ਜਗਮੀਤ ਸਿੰਘ ਨੇ 91 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਨਿਸ਼ਾਨ ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਦੇ ਸਟਾਫ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ |
ਜ਼ਿਲ੍ਹਾ ਫ਼ਿਰੋਜ਼ਪੁਰ ਨੇ 10ਵੀਂ ਦੇ ਨਤੀਜਿਆਂ 'ਚ ਪੰਜਾਬ ਭਰ 'ਚੋਂ ਹਾਸਿਲ ਕੀਤਾ ਦੂਜਾ ਸਥਾਨ
ਅਜੀਤ ਡੈਸਕ
12-05-2026