17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਫ਼ਿਰੋਜ਼ਪੁਰ 'ਚ ਜ਼ਿਲ੍ਹਾ ਦਫ਼ਤਰ ਦੀ ਰਸਮੀ ਸ਼ੁਰੂਆਤ

ਅਜੀਤ ਡੈਸਕ 19-05-2026
ਫ਼ਿਰੋਜ਼ਪੁਰ, 18 ਮਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਮੁੱਖ ਦਫ਼ਤਰ ਜੀ.ਟੀ. ਰੋਡ ਫ਼ਿਰੋਜ਼ਪੁਰ ਕੈਂਟ ਵਿਖੇ ਟਰੱਕ ਯੂਨੀਅਨ ਨੇੜੇ ਰਸਮੀ ਤੌਰ 'ਤੇ ਸ਼ੁਰੂ ਕੀਤਾ ਗਿਆ | ਇਸ ਮੌਕੇ ਧਾਰਮਿਕ ਮਰਿਆਦਾ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚੜ੍ਹਦੀ ਕਲਾ ਅਤੇ ਪੰਥ ਦੀ ਭਲਾਈ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਖੇਤਰੀ ਰਾਜਨੀਤਿਕ ਪਾਰਟੀਆਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਇਲਾਕਿਆਂ ਵਿਚ ਯੋਗ ਅਤੇ ਇਮਾਨਦਾਰ ਸ਼ਖ਼ਸੀਅਤਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਲੋਕਾਂ ਦੀ ਸਹੀ ਨੁਮਾਇੰਦਗੀ ਹੋ ਸਕੇ | ਪ੍ਰਧਾਨ ਦੇ ਨਿੱਜੀ ਸਹਾਇਕ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਫ਼ਿਰੋਜ਼ਪੁਰ ਦੀ ਧਰਤੀ ਦਾ ਇਤਿਹਾਸਕ ਮਹੱਤਵ ਰਿਹਾ ਹੈ | ਉਨ੍ਹਾਂ ਕਿਹਾ ਕਿ ਸਭਰਾ, ਫ਼ਿਰੋਜ਼ਸ਼ਾਹ ਅਤੇ ਮੁਦਕੀ ਦੀਆਂ ਜੰਗਾਂ ਵਿਚ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਹੁਣ ਫ਼ਿਰੋਜ਼ਪੁਰ ਤੋਂ ਹੀ ਜਿੱਤ ਦਾ ਝੰਡਾ ਲਹਿਰਾਉਣਾ ਜ਼ਰੂਰੀ ਹੈ | ਇਸ ਮੌਕੇ ਜਸਬੀਰ ਸਿੰਘ ਭੁੱਲਰ ਜਥੇਦਾਰ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਅਤੇ ਡਾ. ਮੋਹਨ ਸਿੰਘ ਜਥੇਦਾਰ ਹਲਕਾ ਦਿਹਾਤੀ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁੱਖ ਦਫ਼ਤਰ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਖੋਲਿ੍ਹਆ ਗਿਆ ਹੈ ਤਾਂ ਜੋ ਲੋਕ ਪਾਰਟੀ ਨਾਲ ਜੁੜ ਕੇ ਆਪਣੀਆਂ ਸਮੱਸਿਆਵਾਂ ਅਤੇ ਦੁੱਖ-ਤਕਲੀਫ਼ਾਂ ਸਾਂਝੀਆਂ ਕਰ ਸਕਣ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਰ ਤਰ੍ਹਾਂ ਦੇ ਜ਼ੁਲਮ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਡਟ ਕੇ ਖੜ੍ਹੇਗਾ | ਸਮਾਗਮ ਦੇ ਅੰਤ 'ਤੇ ਡਾ. ਮੁਖ਼ਤਿਆਰ ਸਿੰਘ ਭੁੱਲਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਅੱਗੇ ਪੰਥ ਅਤੇ ਪੰਜਾਬ ਦੀ ਸੇਵਾ ਲਈ ਬਲ ਅਤੇ ਬੁੱਧੀ ਬਖ਼ਸ਼ਣ ਦੀ ਅਰਦਾਸ ਕੀਤੀ | ਇਸ ਮੌਕੇ ਮੈਨੇਜਰ ਜਸਪਾਲ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਮੈਨੇਜਰ, ਕਿਰਨਦੀਪ ਸਿੰਘ ਪੱਲਾ, ਜਰਨੈਲ ਸਿੰਘ ਧੀਰਾ ਪੱਤਰਾਂ, ਜਥੇਦਾਰ ਗੁਰਦੀਪ ਸਿੰਘ, ਕੁਲਵੰਤ ਸਿੰਘ ਸੈਦੇ ਕੇ ਰੁਹੇਲਾ, ਬਲਵਿੰਦਰ ਸਿੰਘ ਥਿੰਦ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਟੁੱਟੀ ਸੜਕ 'ਤੇ ਨੀਵੀਂਆਂ ਬਿਜਲੀ ਤਾਰਾਂ ਕਾਰਨ ਪਰਾਲੀ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ ਅਗਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ (ਡੱਲੇਵਾਲ) ਇਕਾਈ ਵਲੋਂ ਲੈਂਡ ਮਾਰਟਗੇਜ ਬੈਂਕ ਅੱਗੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।