ਫ਼ਿਰੋਜ਼ਪੁਰ, 18 ਮਈ (ਗੁਰਿੰਦਰ ਸਿੰਘ)-ਬੀਤੀ ਰਾਤ ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਖ਼ਾਨੇ ਕੇ ਅਹਿਲ ਨੇੜੇ ਵਾਪਰੇ ਹਾਦਸੇ ਦੌਰਾਨ ਟੁੱਟੀ ਹੋਈ ਸੜਕ ਅਤੇ ਨੀਵੀਂਆਂ ਬਿਜਲੀ ਤਾਰਾਂ ਕਾਰਨ ਪਰਾਲੀ ਨਾਲ ਭਰਿਆ ਟਰੈਕਟਰ-ਟਰਾਲਾ ਅੱਗ ਦੀ ਲਪੇਟ ਵਿਚ ਆ ਗਿਆ | ਹਾਦਸੇ ਦੌਰਾਨ ਟਰਾਲੇ ਵਿਚ ਭਰੀ ਪਰਾਲੀ ਅਤੇ ਟਰਾਲਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਦਕਿ ਟਰੈਕਟਰ ਚਾਲਕ ਅਤੇ ਸਹਿ ਚਾਲਕ ਵਾਲ-ਵਾਲ ਬਚ ਗਏ | ਪ੍ਰਤੱਖ ਦਰਸ਼ੀਆਂ ਅਨੁਸਾਰ ਪਰਾਲੀ ਨਾਲ ਭਰਿਆ ਟਰਾਲਾ ਪਿੰਡ ਗਿੱਲ ਨੇੜੇ ਬਣੇ ਪਰਾਲੀ ਡੰਪ ਤੋਂ ਪਰਾਲੀ ਦੀਆਂ ਗੱਠਾਂ ਭਰ ਕੇ ਜਾ ਰਿਹਾ ਸੀ | ਇਸ ਦੌਰਾਨ ਅੱਗੋਂ ਆ ਰਹੀ ਮਿੱਟੀ ਦੀ ਟਰਾਲੀ ਨੂੰ ਰਸਤਾ ਦੇਣ ਲਈ ਚਾਲਕ ਨੇ ਆਪਣਾ ਟਰਾਲਾ ਸੜਕ ਦੇ ਕਿਨਾਰੇ ਵੱਲ ਕੀਤਾ ਤਾਂ ਟੁੱਟੀ ਹੋਈ ਸੜਕ ਕਾਰਨ ਟਰਾਲਾ ਉੱਛਲ ਗਿਆ ਅਤੇ ਉੱਪਰੋਂ ਲੰਘ ਰਹੀਆਂ ਨੀਵੀਂਆਂ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਿਆ | ਤਾਰਾਂ ਵਿਚੋਂ ਨਿਕਲੀਆਂ ਚੰਗਿਆੜੀਆਂ ਨੇ ਕੁੱਝ ਹੀ ਪਲਾਂ ਵਿਚ ਪਰਾਲੀ ਨੂੰ ਅੱਗ ਲਗਾ ਦਿੱਤੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਟਰਾਲੇ ਨੂੰ ਆਪਣੀ ਲਪੇਟ ਵਿਚ ਲੈ ਲਿਆ | ਘਟਨਾ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਗਿਆ | ਟਰੈਕਟਰ ਚਾਲਕ ਸੁਰਜੀਤ ਸਿੰਘ ਅਤੇ ਸਹਿ ਚਾਲਕ ਨੇ ਸੂਝਬੂਝ ਦਿਖਾਉਂਦੇ ਹੋਏ ਤੁਰੰਤ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ | ਗ਼ਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕਟਰ ਵੀ ਕੱਢ ਲਿਆ ਗਿਆ | ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਫਾਇਰ ਕਰਮੀਆਂ ਮੁਤਾਬਿਕ ਅੱਗ ਇੰਨੀ ਭਿਆਨਕ ਸੀ ਕਿ ਟਰਾਲੀ ਦੇ ਦੋਵੇਂ ਟਾਇਰ ਵੀ ਸੜ ਕੇ ਫੱਟ ਗਏ | ਚਾਲਕ ਸੁਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਟਰਾਲਾ ਅਤੇ ਲਗਭਗ 80 ਹਜ਼ਾਰ ਰੁਪਏ ਦੀ ਪਰਾਲੀ ਸੜ ਗਈ | ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਅਤੇ ਨੀਵੀਂਆਂ ਬਿਜਲੀ ਤਾਰਾਂ ਨੂੰ ਉੱਚਾ ਕਰਨ ਦੀ ਮੰਗ ਕੀਤੀ ਹੈ |