ਫ਼ਿਰੋਜ਼ਪੁਰ 19 ਮਈ (ਚਾਵਲਾ)-ਨਗਰ ਕੌਂਸਲ ਵਿਖੇ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਧਰਨਾ 14 ਵੇਂ ਦਿਨ ਵੀ ਜਾਰੀ ਰਿਹਾ | ਜਿਸ ਕਰਕੇ ਸ਼ਹਿਰ ਅੰਦਰ ਥਾਂ ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧਦਾ ਜਾ ਰਿਹਾ ਹੈ, ਲੇਕਿਨ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸੁੱਤਾ ਪਿਆ ਹੈ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਵਿਕੀ, ਡੈਨੀ, ਅਮਰ ਭੱਟੀ ਨੇ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਨੂੰ ਖ਼ਤਮ ਕਰਕੇ ਆਊਟ ਸੋਰਸ ਅਤੇ ਕੰਟਰੈਕਟ ਅਧੀਨ ਕੰਮ ਕਰਦੇ ਮਾਲੀ, ਬੇਲਦਾਰ, ਸਫ਼ਾਈ ਸੇਵਕ, ਸੀਵਰਮੈਨ, ਫਾਇਰ ਬਿ੍ਗੇਡ ਮੁਲਾਜ਼ਮ, ਇਲੈਕਟਰੀਸ਼ਨ, ਪੰਪ ਆਪਰੇਟਰ ਅਤੇ ਕਲਰਕ ਆਦਿ ਨੂੰ ਵਿਭਾਗ ਦੇ ਅਧੀਨ ਕਰਕੇ ਰੈਗੂਲਰ ਕੀਤਾ ਜਾਵੇ | ਯੂਨੀਅਨ ਨੇ ਕਿਹਾ ਕਿ ਆਊਟ ਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗ ਅਧੀਨ ਲਿਆਂਦਾ ਜਾਵੇ ਅਤੇ ਪੇ ਕਮਿਸ਼ਨ ਦੇ ਬਕਾਏ ਅਤੇ ਡੀਏ ਦੀਆਂ ਕਿਸ਼ਤਾਂ ਜਲਦ ਜਾਰੀ ਕੀਤੀਆਂ ਜਾਣ | ਧਰਨਾਕਾਰੀਆਂ ਨੇ ਆਖਿਆ ਕਿ ਜੇਕਰ ਸਾਡੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਕੂੜਾ ਸੜਕਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਸੁੱਟਿਆ ਜਾਵੇਗਾ | ਧਰਨੇ ਦੌਰਾਨ ਡੈਨੀ ਪ੍ਰਧਾਨ, ਰਾਜ ਕੁਮਾਰ, ਰਜੇਸ਼ ਪਾਲਾ, ਪ੍ਰੀਤ ਸੋਨੰੂ, ਵਿਲੀਅਮ, ਗੁਰਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਰਮਨ ਘਾਰੂ, ਗੁਲਸ਼ਨ ਗਿੱਲ, ਮਹਿੰਦਰ, ਰਾਜ, ਕਾਕੜਾ ਰਾਜਾ, ਅਕਬਰ ਮੋਝਾ, ਸੰਜੇ ਭੱਟੀ, ਰਜੀਤ ਵਾਲਮਿਕ ਭੱਟੀ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ |