ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਸਮੁੱਚੇ ਭਾਰਤ ਵਿੱਚ ਜਨਗਣਨਾ 2027 ਦੇ ਤਹਿਤ ਚੱਲ ਰਹੇ ਜਨਗਣਨਾ ਕਾਰਜਾਂ ਦੀ ਲੜੀ ਵਿੱਚ ਅੱਜ ਜੁਆਇੰਟ ਡਾਇਰੈਕਟਰ, ਸੈਂਸਸ ਆਪੇ੍ਰਸ਼ਨ ਪੰਜਾਬ, ਆਰ.ਪੀ. ਸਿੰਘ ਵਲੋਂ ਗੁਰੂਹਰਸਹਾਏ ਵਿਖੇ ਜਨਗਣਨਾ ਦੇ ਕੰਮ ਦਾ ਨਿਰੀਖਣ ਕੀਤਾ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਨੇ ਗੁਰੂਹਰਸਹਾਏ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਜਾ ਕੇ ਜਨਗਣਨਾ ਨਾਲ ਸਬੰਧਿਤ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਮੌਕੇ 'ਤੇ ਮੌਜੂਦ ਸਟਾਫ ਨਾਲ ਗੱਲਬਾਤ ਕਰਦਿਆਂ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ | ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਨਗਣਨਾ ਦੇ ਅੰਕੜੇ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ | ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਸਰਕਾਰ ਵਲੋਂ ਸਿਹਤ ਸਹੂਲਤਾਂ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸੀ ਯੋਜਨਾਵਾਂ ਦੀ ਰਚਨਾ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਇਹ ਪ੍ਰਕਿਰਿਆ ਸੁਰੱਖਿਅਤ ਅਤੇ ਪਾਰਦਰਸ਼ੀ ਹੈ | ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਦੇ ਕੰਮ ਲਈ ਘਰ-ਘਰ ਪਹੁੰਚ ਰਹੇ ਸਰਕਾਰੀ ਸਟਾਫ ਦਾ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਇਹ ਮਹੱਤਵਪੂਰਨ ਰਾਸ਼ਟਰੀ ਕਾਰਜ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਸਕੇ | ਇਸ ਮੌਕੇ ਕਾਰਜ ਸਾਧਕ ਅਫਸਰ ਗੁਰੂਹਰਸਹਾਏ ਜਗਦੀਸ਼ ਗਰਗ, ਐਸ.ਡੀ.ਐਮ ਦਫ਼ਤਰ ਦੇ ਸੁਪਰਡੈਂਟ ਕੇਵਲ ਕਿ੍ਸ਼ਨ, ਸੈਂਸਸ ਦਫ਼ਤਰ ਗੁਰੂਹਰਸਹਾਏ ਤੋਂ ਸੰਦੀਪ ਸ਼ਰਮਾ, ਅੰਕੜਾ ਵਿਭਾਗ ਫਿਰੋਜ਼ਪੁਰ ਤੋਂ ਗੁਰਨਾਮ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ |