14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਚੋਣ ਪ੍ਰਚਾਰ ਦੀ ਆੜ 'ਚ ਜ਼ੀਰਾ ਸ਼ਹਿਰ ਦੀ ਦਿੱਖ ਹੋਈ ਬਦਸੂਰਤ- ਸਰਕਾਰੀ ਇਮਾਰਤਾਂ ਅਤੇ ਰਿਹਾਇਸ਼ੀ ਘਰਾਂ 'ਤੇ ਲਗਾਏ ਜਾ ਰਹੇ ਨੇ ਪੋਸਟਰ

ਅਜੀਤ ਡੈਸਕ 24-05-2026
ਜੀਰਾ, 23 ਮਈ(ਪ੍ਰਤਾਪ ਸਿੰਘ ਹੀਰਾ)-ਨਗਰ ਕੌਂਸਲ ਜ਼ੀਰਾ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਜਿੱਥੇ ਸ਼ਹਿਰ ਅੰਦਰ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖ ਚੁੱਕੀਆਂ ਹਨ ਉੱਥੇ ਹੀ ਵੱਖ-ਵੱਖ ਵਾਰਡਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਬੇਤਰਤੀਬੇ ਚੋਣ ਪ੍ਰਚਾਰ ਨੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੱਤਾ ਹੈ | ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਪ੍ਰਚਾਰ ਲਈ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ, ਬਿਜਲੀ ਦੇ ਖੰਭਿਆਂ, ਜਨਤਕ ਥਾਵਾਂ ਅਤੇ ਲੋਕਾਂ ਦੇ ਨਿੱਜੀ ਰਿਹਾਇਸ਼ੀ ਘਰਾਂ ਦੀਆਂ ਕੰਧਾਂ 'ਤੇ ਬਿਨਾਂ ਮਨਜ਼ੂਰੀ ਤੋਂ ਬੇਤਹਾਸ਼ਾ ਪੋਸਟਰ ਅਤੇ ਫਲੈਕਸਾਂ ਟੰਗ ਕੇ ਸ਼ਹਿਰ ਦੀ ਦਿੱਖ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਗਿਆ ਹੈ | ਜਦਕਿ ਚੋਣ ਜ਼ਾਬਤੇ ਅਤੇ ਪ੍ਰਸ਼ਾਸਨਿਕ ਨਿਯਮਾਂ ਮੁਤਾਬਿਕ ਕਿਸੇ ਵੀ ਸਰਕਾਰੀ ਜਾਂ ਨਿੱਜੀ ਜਾਇਦਾਦ 'ਤੇ ਬਿਨਾਂ ਮਨਜ਼ੂਰੀ ਪੋਸਟਰ ਲਗਾਉਣਾ ਕਾਨੂੰਨੀ ਅਪਰਾਧ ਹੈ, ਪਰ ਜ਼ੀਰਾ ਸ਼ਹਿਰ ਵਿਚ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਸ਼ਹਿਰ ਦੇ ਮੁੱਖ ਬਾਜ਼ਾਰਾਂ, ਚੌਕਾਂ ਅਤੇ ਗਲੀਆਂ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ ਪੋਸਟਰਾਂ ਨਾਲ ਭਰੀਆਂ ਪਈਆਂ ਹਨ | ਇੱਥੋਂ ਤੱਕ ਕਿ ਕਈ ਇਤਿਹਾਸਕ ਅਤੇ ਜਨਤਕ ਥਾਵਾਂ ਵੀ ਇਨ੍ਹਾਂ ਚੋਣ ਪੋਸਟਰਾਂ ਤੋਂ ਬਚ ਨਹੀਂ ਸਕੀਆਂ | ਇਸ ਸਬੰਧੀ ਆਪਣਾ ਨਾਮ ਨਾ ਛਪਣ ਦੀ ਸੂਰਤ ਵਿਚ ਗੱਲਬਾਤ ਕਰਦਿਆਂ ਸ਼ਹਿਰ ਦੇ ਪਤਵੰਤਿਆਂ ਨੇ ਦੱਸਿਆ ਕਿ ਉਮੀਦਵਾਰਾਂ ਦੇ ਸਮਰਥਕ ਰਾਤੋ-ਰਾਤ ਆਉਂਦੇ ਹਨ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰਲੇ ਗੇਟਾਂ ਅਤੇ ਕੰਧਾਂ 'ਤੇ ਪੋਸਟਰ ਚਿਪਕਾ ਕੇ ਚਲੇ ਜਾਂਦੇ ਹਨ | ਉਹਨਾਂ ਕਿਹਾ ਕਿ ਇਹ ਪੋਸਟਰ ਦੇਖਣ ਵਿਚ ਤਾਂ ਬੁਰੇ ਲੱਗਦੇ ਹੀ ਹਨ ਪਰ ਜਦੋਂ ਚੋਣਾਂ ਤੋਂ ਬਾਅਦ ਇਨ੍ਹਾਂ ਨੂੰ ਉਤਾਰਿਆ ਜਾਂਦਾ ਹੈ ਤਾਂ ਘਰਾਂ ਦੀਆਂ ਕੰਧਾਂ ਦਾ ਰੰਗ-ਰੋਗਨ ਵੀ ਖ਼ਰਾਬ ਹੋ ਜਾਂਦਾ ਹੈ | ਜਿਸ ਨਾਲ ਲੋਕਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ | ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਖੁਦ ਹੀ ਸ਼ਹਿਰ ਨੂੰ ਗੰਦਾ ਕਰ ਰਹੇ ਹਨ | ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਇਦਾਦ ਬਦਸੂਰਤ ਕਰਨ ਦੇ ਐਕਟ ਸੰਪਤੀ ਵਿਗਾੜ ਰੋਕੂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਚੋਣ ਖ਼ਰਚੇ ਵਿਚ ਇਨ੍ਹਾਂ ਪੋਸਟਰਾਂ ਨੂੰ ਹਟਾਉਣ ਦਾ ਖਰਚਾ ਜੋੜਿਆ ਜਾਵੇ | ਲੋਕਾਂ ਨੇ ਅਪੀਲ ਕੀਤੀ ਹੈ ਕਿ ਚੋਣ ਪ੍ਰਚਾਰ ਲਈ ਡਿਜੀਟਲ ਮਾਧਿਅਮ ਜਾਂ ਨਿਰਧਾਰਿਤ ਥਾਵਾਂ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਜ਼ੀਰਾ ਸ਼ਹਿਰ ਦੀ ਸੁੰਦਰਤਾ ਬਰਕਰਾਰ ਰਹਿ ਸਕੇ |
ਪਿਛਲੀ ਖ਼ਬਰ ਆਪ ਉਮੀਦਵਾਰ ਦੇ ਸਮਰਥਕ ਤੇ ਕਾਂਗਰਸੀ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਲੋਂ ਹਮਲਾ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।