ਫ਼ਿਰੋਜਪੁਰ, 4 ਜੂਨ (ਕੁਲਬੀਰ ਸਿੰਘ ਸੋਢੀ)-ਪੇਡੂ ਵਿਕਾਸ ‘ਤੇ ਪੰਚਾਇਤ ਵਿਭਾਗ ਵਿਚ ਪਿਛਲੇ ਲਗਭਗ 17 ਸਾਲਾਂ ਤੋਂ ਠੇਕਾ ਆਧਾਰਿਤ ਸੇਵਾਵਾਂ ਨਿਭਾ ਰਹੇ ਨਰੇਗਾ ਮੁਲਾਜ਼ਮਾਂ ਵਲੋਂ ਸੂਬਾ ਪੱਧਰ ‘ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਦ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਲਾਇਆ ਹੋਇਆ ਹੈ। ਧਰਨੇ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਨਰੇਗਾ ਮੁਲਾਜ਼ਮਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਇਸੇ ਲੜੀ ਦੇ ਚੱਲਦੇ ਬਲਾਕ ਫ਼ਿਰੋਜਪੁਰ ਦੇ ਮਗਨਰੇਗਾ ਕਰਮਚਾਰੀਆਂ ਵਲੋਂ ਬਲਾਕ ਦਫ਼ਤਰ ਵਿਖੇ ਲੱਗਿਆ ਧਰਨਾ ਲਗਾਤਾਰ ਜਾਰੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰਕੇ ਪੰਚਾਇਤ ਵਿਭਾਗ ਵਿਚ ਨਰੇਗਾ ਮੁਲਾਜ਼ਮਾਂ ਨੂੰ ਪੱਕੀਆਂ ਅਸਾਮੀਆਂ ‘ਤੇ ਮਰਜ਼ ਕੀਤਾ ਜਾਵੇਗਾ, ਜੋ ਨਹੀਂ ਹੋਇਆ। ਦੂਜੇ ਪਾਸੇ ਪੰਚਾਇਤ ਸਕੱਤਰਾਂ ਅਤੇ ਵੀਡੀਉਜ਼ ਦਾ ਕੇਡਰ ਇਕੱਠਾ ਕਰਕੇ ਨਵੀਂ ਅਸਾਮੀ ਪੰਚਾਇਤ ਵਿਕਾਸ ਸਕੱਤਰ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਵਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਲਈ ਪੰਚਾਇਤ ਸੰਮਤੀ ਦੀਆਂ ਪੰਚਾਇਤ ਸਕੱਤਰਾਂ ਅਤੇ ਵੀਡੀਉਜ਼ ਦੀਆਂ ਸਾਰੀਆਂ ਅਸਾਮੀਆਂ ਖ਼ਾਲੀ ਹੋ ਚੁੱਕੀਆਂ ਹਨ। ਦਫ਼ਤਰੀ ਕਰਮਚਾਰੀਆਂ ਦੀਆਂ ਅਸਾਮੀਆਂ ਵੀ ਖ਼ਾਲੀ ਪਈਆਂ ਹਨ। ਆਗੂਆਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ 63000 ਨੌਕਰੀਆਂ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕਰ ਰਹੇ ਹਨ ਦੂਜੇ ਪਾਸੇ 17 ਸਾਲਾਂ ਤੋਂ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨਾ ਤਾਂ ਦੂਰ ਪੰਜ-ਪੰਜ ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਨਰੇਗਾ ਵਿਚ 2000 ਵਿਚੋਂ 170 ਕੁ ਦੇ ਲਗਭਗ ਆਊਟਸੋਰਸਿੰਗ ਮੁਲਾਜ਼ਮ ਵੀ ਵੱਡੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ। ਧਰਨੇ ਦੌਰਾਨ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਕਿ ਇਹ ਇਕ ਦਿਨ ਦਾ ਸੰਕੇਤਕ ਧਰਨਾ ਸੀ। ਜੇਕਰ ਆਉਣ ਵਾਲੇ ਸਮੇਂ ਵਿਚ ਕੰਮ ਮੁਕੰਮਲ ਬੰਦ ਕਰਨੇ ਪਏ ਤਾਂ ਕੰਮ ਵੀ ਬੰਦ ਕਰਾਂਗੇ, ਪੱਕਾ ਧਰਨਾ ਲਾਉਣਾ ਪਿਆ ਤਾਂ ਉਹ ਵੀ ਲਾਵਾਂਗੇ ਅਤੇ ਜੇਕਰ ਲੋੜ ਪਈ ਤਾਂ ਪਿੰਡਾਂ ਵਿਚ ਕੰਮ ਕਰਦੇ 30 ਲੱਖ ਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਪਿੰਡਾਂ ਵਿਚ ਵੀ ਲੀਡਰਾਂ ਦੇ ਘਿਰਾ� ਕੀਤੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ ਕੌਰ ਸੀਨੀਅਰ ਗਰਾਮ ਰੁਜ਼ਗਾਰ ਵਰਕਰ, ਵਾਈਸ ਬਲਾਕ ਪ੍ਰਧਾਨ ਅਖਿਲ ਅਰੋੜਾ, ਪੈੱ੍ਰਸ ਸਕੱਤਰ ਵਿਕਰਮ ਖੋਖਰ, ਸੀਨੀਅਰ ਆਗੂ ਹਰਪਿੰਦਰ ਸਿੰਘ (ਸਾਹਿਬ) ਟਿੱਬੀ ‘ਤੇ ਹੋਰ ਹਾਜ਼ਰ ਸਨ।
ਬਲਾਕ ਫ਼ਿਰੋਜ਼ਪੁਰ ਦੇ ਮਗਨਰੇਗਾ ਸਟਾਫ਼ ਦੀ ਹੜਤਾਲ ਲਗਾਤਾਰ ਜਾਰੀ
ਅਜੀਤ ਡੈਸਕ
05-06-2026