24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜੂਨੀਅਰ ਏਸ਼ੀਆ ਕੱਪ 'ਚ ਤਗਮਾ ਜੇਤੂ ਰਸ਼ਮੀਨ ਕੌਰ ਹਾਂਡਾ ਦਾ ਹਾਕੀ ਦੇ ਮੈਦਾਨ ਵਿਚ ਭਰਵਾਂ ਸਵਾਗਤ

ਅਜੀਤ ਡੈਸਕ 12-06-2026
ਫਿਰੋਜ਼ਪੁਰ, 11 ਜੂਨ (ਗੁਰਿੰਦਰ ਸਿੰਘ)-ਜੂਨੀਅਰ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਫਿਰੋਜ਼ਪੁਰ ਦਾ ਨਾਮ ਰੌਸ਼ਨ ਕਰਨ ਵਾਲੀ ਹੋਣਹਾਰ ਹਾਕੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਦਾ ਸ਼ਹੀਦ ਭਗਤ ਸਿੰਘ ਹਾਕੀ ਸਟੇਡੀਅਮ, ਫਿਰੋਜ਼ਪੁਰ ਵਿਖੇ ਪਹੁੰਚਣ 'ਤੇ ਕੋਚਾਂ, ਖਿਡਾਰੀਆਂ, ਫਿਰੋਜ਼ਪੁਰ ਹਾਕੀ ਐਸੋਸੀਏਸ਼ਨ ਅਤੇ ਬਾਬਾ ਸ਼ੇਰ ਸ਼ਾਹ ਵਲੀ ਹਾਕੀ ਅਕੈਡਮੀ ਵਲੋਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ | ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਦੇ ਸੁਪਨੇ ਅੱਖਾਂ ਵਿਚ ਸੰਜੋਈ ਰਸ਼ਮੀਨ ਕੌਰ ਨੇ ਉਸ ਮੈਦਾਨ ਵਿਚ ਪਹੁੰਚ ਕੇ ਖ਼ੁਸ਼ੀ ਦੇ ਪਲ ਸਾਂਝੇ ਕੀਤੇ, ਜਿੱਥੋਂ ਉਸ ਨੇ ਹਾਕੀ ਦਾ ਮੁੱਢਲਾ ਗੁਰ ਸਿੱਖਿਆ ਸੀ | ਇਸ ਮੌਕੇ ਉਸ ਨੇ ਆਪਣੇ ਪਹਿਲੇ ਕੋਚ ਮਨਮੀਤ ਸਿੰਘ ਰੂਬਲ, ਕੋਚ ਤੇਜਬੀਰ ਸਿੰਘ ਅਤੇ ਸਾਥੀ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ | ਰਸ਼ਮੀਨ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਟੇਡੀਅਮ ਦੇ ਨੌਜਵਾਨ ਖਿਡਾਰੀਆਂ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ | ਉਸ ਦੀ ਮਿਹਨਤ, ਲਗਨ ਅਤੇ ਸਮਰਪਣ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਦਾ ਸਰੋਤ ਬਣੇ ਹਨ | ਉਸ ਦੀ ਸਫਲਤਾ ਇਹ ਸੰਦੇਸ਼ ਦਿੰਦੀ ਹੈ ਕਿ ਦਿ੍ੜ੍ਹ ਇਰਾਦੇ ਅਤੇ ਨਿਰੰਤਰ ਮਿਹਨਤ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ | ਹਾਜ਼ਰ ਸ਼ਖ਼ਸੀਅਤਾਂ ਨੇ ਰਸ਼ਮੀਨ ਕੌਰ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਨਾ ਸਿਰਫ਼ ਫਿਰੋਜ਼ਪੁਰ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਰਸ਼ਮੀਨ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵੱਡੀਆਂ ਸਫਲਤਾਵਾਂ ਹਾਸਲ ਕਰਕੇ ਭਾਰਤ ਲਈ ਓਲੰਪਿਕ ਤਗਮਾ ਜਿੱਤਣ ਦੇ ਆਪਣੇ ਸੁਪਨੇ ਨੂੰ ਵੀ ਸਾਕਾਰ ਕਰੇਗੀ | ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਖੇਡ ਅਫ਼ਸਰ ਹਰਨਰਾਇਣ ਸਿੰਘ ਲਾਡੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ, ਰਸ਼ਮੀਨ ਦੇ ਪਿਤਾ ਡਾ.ਸੁਖਵਿੰਦਰ ਸਿੰਘ, ਮਨਿੰਦਰ ਹਾਂਡਾ, ਰਾਜਪਾਲ ਸਿੰਘ, ਫਿਰੋਜ਼ਪੁਰ ਹਾਕੀ ਐਸੋਸੀਏਸ਼ਨ ਦੇ ਵਿਕਰਮ ਅਦਿੱਤਿਆ ਸ਼ਰਮਾ, ਕਸ਼ਮੀਰ ਸਿੰਘ ਢੇਰੂ, ਬਾਬਾ ਪ੍ਰਤਾਪ ਸਿੰਘ, ਸੇਵਾ ਸਿੰਘ, ਕੁਲਵੰਤ ਸਿੰਘ, ਬਲਵੀਰ ਸਿੰਘ, ਬਲਕਾਰ ਸਿੰਘ, ਮੱਲ ਸਿੰਘ, ਮਹਿੰਦਰ ਸਿੰਘ ਅਤੇ ਜਰਨੈਲ ਸਿੰਘ ਸਮੇਤ ਹੋਰ ਖੇਡ ਪ੍ਰੇਮੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਆਪ ਆਗੂ ਮਨਜੀਤ ਸਿੰਘ ਅÏਲਖ ਬਣੇ ਰਾਮਗੜ੍ਹੀਆ ਭਲਾਈ ਬੋਰਡ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਚੇਅਰਮੈਨ ਅਗਲੀ ਖ਼ਬਰ ਭਾਜਪਾ ਆਗੂ ਅਮਰਜੀਤ ਸਿੰਘ ਘਾਰੂ ਨੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਕੀਤੀ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।