06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਿਛਲੇ ਸਾਲ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕਾਂ ਲਈ ਹਾਲੇ ਤੱਕ ਨਹੀਂ ਹੋਏ ਸੁਚੱਜੇ ਪ੍ਰਬੰਧ

ਅਜੀਤ ਡੈਸਕ 30-06-2026
ਮਮਦੋਟ, 29 ਜੂਨ (ਸੁਖਦੇਵ ਸਿੰਘ ਸੰਗਮ)-ਸਾਲ 2023 ਅਤੇ 2025 ਦੋਰਾਨ ਸਤਲੁਜ ਦਰਿਆ ਵਿਚ ਆਏ ਹੜਾਂ ਕਾਰਨ ਮਮਦੋਟ ਬਲਾਕ ਦੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਦੇ ਡੁੱਬਣ ਕਰਕੇ ਵੱਡਾ ਆਰਥਿਕ ਨੁਕਸਾਨ ਸਹਿਣਾਂ ਪਿਆ ਸੀ, ਪਰ ਸਮੂਹ ਸਿਆਸੀ ਪਾਰਟੀਆਂ ਦੇ ਲੀਡਰਾਂ ਵਲੋਂ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ ਦੇ ਸੰਭਾਵਿਤ ਨੁਕਸਾਨ ਨੂੰ ਰੋਕਣ ਲਈ ਸਰਕਾਰਾਂ ਵਲੋਂ ਅਗਾਊਂ ਸੁਚੱਜੇ ਪ੍ਰਬੰਧ ਕੀਤੇ ਗਏ ਹੋਣ, ਉਹ ਜ਼ਮੀਨੀ ਪੱਧਰ ’ਤੇ ਨਜ਼ਰ ਨਹੀਂ ਆਉਂਦੇ। ਬਲਾਕ ਮਮਦੋਟ ਦੀ ਸਰਹੱਦ ਨੇੜੇ ਵੱਸੇ ਪਿੰਡ ਗਜ਼ਨੀ ਵਾਲਾ, ਰਾਜਾ ਰਾਏ, ਫਾਰੂ ਵਾਲਾ, ਗੱਟੀ ਮੱਤੜ, ਚੱਕ ਰਾਓ ਕੇ ਆਦਿ ਦੇ ਕਿਸਾਨਾਂ ਮੁਤਾਬਕ ਇਸ ਖੇਤਰ ਵਿਚ ਸਤਲੁਜ ਦਰਿਆ ਅਤੇ ਕੰਡਿਆਲੀ ਤਾਰ ਤੋਂ ਪਾਰ ਕਰੀਬ ਤਿੰਨ ਹਜ਼ਾਰ ਏਕੜ ਤੋਂ ਵੱਧ ਜ਼ਮੀਨ ’ਤੇ ਛੋਟੇ ਅਤੇ ਦਰਮਿਆਨੇ ਕਿਸਾਨ ਖੇਤੀ ਕਰਦੇ ਆ ਰਹੇ ਹਨ। ਜਿਨ੍ਹਾਂ ਨੂੰ ਰੋਜ਼ਾਨਾਂ ਸਤਲੁਜ ਦਰਿਆ ਦੇ ਪਾਣੀ ਵਿਚੋਂ ਲੰਘ ਕੇ ਪਸ਼ੂਆਂ ਲਈ ਚਾਰਾ ਲਿਆਉਣ ਅਤੇ ਹਾੜੀ, ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਅਤੇ ਕਟਾਈ ਕਰਨ ਲਈ ਜਾਣਾਂ ਪੈਂਦਾ ਹੈ, ਪਰੰਤੂ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਨਾਲ ਸਬੰਧਤ ਸੱਤਾ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਸਾਨਾਂ ਦੀ ਇਸ ਵੱਡੀ ਸਮੱਸਿਆ ਦਾ ਹੱਲ ਕਰਨਾ ਜ਼ਰੂਰੀ ਨਹੀਂ ਸਮਝਿਆ। ਇਸ ਬਾਬਤ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਆਏ ਹੜਾਂ ਦੋਰਾਨ ਇਲਾਕੇ ਦੀ ਇਕੋ ਇਕ ਵੱਡੀ ਮੰਗ ਸਤਲੁਜ ਦਰਿਆ ’ਤੇ ਪੁਲ ਬਣਾਉਣ ਦੀ ਸੀ। ਜਿਸ ਲਈ ਲਗਭਗ ਸਾਰੇ ਹੀ ਸਿਆਸੀ ਨੇਤਾਵਾਂ ਨੇ ਪੂਰਾ ਕਰਨ ਦਾ ਵਾਅਦਾ ਕੀਤਾ, ਪਰ ਵਫ਼ਾ ਨਾ ਹੋਇਆ, ਦੱਸਣਯੋਗ ਹੈ ਕਿ ਉਕਤ ਖੇਤਰ ਦੇ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਇਕੋ ਇਕ ਜ਼ਰੀਆ ਉਨਾਂ ਦੀ ਦਰਿਆ ਤੋਂ ਪਾਰਲੀ ਜ਼ਮੀਨ ਹੈ। ਇਸ ਲਈ ਹੜਾਂ ਦੇ ਦਿਨਾਂ ਵਿਚ ਵੀ ਉਨ੍ਹਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਸਵੈ ਚਾਲਕ ਬੇੜੇ ਰਾਹੀਂ ਰੋਜ਼ਾਨਾ ਆਉਣਾ ਜਾਣਾ ਪੈਂਦਾ ਹੈ ਅਤੇ ਕਈ ਵਾਰ ਪਾਣੀਂ ਜ਼ਿਆਦਾ ਅਤੇ ਤੇਜ਼ ਵਹਾਅ ਹੋਣ ਕਾਰਨ ਅਣਜਾਣ ਮਲਾਹਾਂ ਦੁਆਰਾ ਬੇੜਾ ਸੰਭਾਲਣਾਂ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਜਦੋਂ 50 ਦੇ ਕਰੀਬ ਕਿਸਾਨ ਮਰਦ ਅਤੇ ਔਰਤਾਂ ਸਤਲੁਜ ਦਰਿਆ ਤੋਂ ਪਾਰ ਆਪਣੀਆਂ ਜ਼ਮੀਨਾਂ ਤੇ ਕੰਮਕਾਜ ਤੋਂ ਘਰ ਵਾਪਸ ਆ ਰਹੇ ਸਨ, ਤਾਂ ਬੇੜਾ ਤੇਜ ਵਹਾਅ ਵਿਚ ਆਉਣ ਕਾਰਨ ਕਰੀਬ ਦੋ ਕਿਲੋਮੀਟਰ ਅੱਗੇ ਤੋਂ ਸ਼ੁਰੂ ਹੁੰਦੇ ਪਾਕਿਸਤਾਨ ਦੇ ਖੇਤਰ ਵਿਚ ਜਾਣ ਤੋਂ ਬੜੀ ਮੁਸ਼ਕਿਲ ਨਾਲ ਬਚਿਆ ਸੀ। ਇਸ ਵਾਰ ਵੀ ਬਰਸਾਤੀ ਮੌਸਮ ਸਿਰ ’ਤੇ ਹੋਣ ਅਤੇ ਸਰਕਾਰ ਵਲੋਂ ਹੁਣ ਸਤਲੁਜ ਦਰਿਆ ਦੇ ਹੜ ਚੁੱਕੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਅਤੇ ਪਾਣੀ ਦੇ ਵਹਾਅ ਨੂੰ ਘਟਾਉਣ ਲਈ ਨੌਚਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਦਕਿ ਹੜਾਂ ਦੇ ਸੰਭਾਵੀ ਖ਼ਤਰੇ ਸਬੰਧੀ ਪ੍ਰਸ਼ਾਸਨ ਦੁਆਰਾ ਹੁਣੇ ਤੋਂ ਹੀ ਅਲਰਟ ਕੀਤਾ ਜਾ ਰਿਹਾ ਹੈ। ਸਰਹੱਦੀ ਖੇਤਰ ਦੇ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਕਤ ਪਿੰਡਾਂ ਦੇ ਕਿਸਾਨਾਂ ਦੀ ਸਹੂਲਤ ਲਈ ਦਰਿਆ ਤੋਂ ਪਾਰ ਜਾਣ ਲਈ ਪੁਲ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ।
ਪਿਛਲੀ ਖ਼ਬਰ ਰੇਲਵੇ ਦੇ ਕੰਮਕਾਜ ਵਿਚ ਦਖ਼ਲਅੰਦਾਜ਼ੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਅਗਲੀ ਖ਼ਬਰ ਪਾਕਿਸਤਾਨ ਨੂੰ ਝਟਕਾ, ਭਾਰਤੀ ਬਾਸਮਤੀ ਲਈ ਅਫ਼ਗਾਨਿਸਤਾਨ ਦੇ ਦਰਵਾਜ਼ੇ ਖੁੱਲ੍ਹਣ ਦੇ ਆਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।