ਤਲਵੰਡੀ ਸਾਬੋ, 13 ਫਰਵਰੀ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਜਗਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਸੋਸ਼ਲ ਸਾਇੰਸਜ਼ ਵਿਭਾਗ ਅਤੇ ਕੈਂਪਸ ਸਾਹਿਤ ਸਭਾ ਵਲੋਂ ਕਰਵਾਇਆ ਚੌਥਾ ਦਮਦਮਾ ਸਾਹਿਬ ਸਾਹਿਤਕ ਮੇਲਾ ਅੱਜ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ ਹੋ ਗਿਆ | ਸਹਿਤਕ ਮੇਲੇ ਦੇ ਤੀਜੇ ਦਿਨ ਦੀ ਸ਼ੁਰੂਆਤ ਮਾ.ਰੇਵਤੀ ਪ੍ਰਸ਼ਾਦ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਵੀਸ਼ਰੀ ਗਾਇਨ ਨਾਲ ਹੋਈ | ਮੇਲੇ ਦੇ ਕੋਆਰਡੀਨੇਟਰ ਡਾ. ਅਮਨਦੀਪ ਸਿੰਘ ਸੇਖੋਂ ਅਤੇ ਡਾ. ਮਨਮਿੰਦਰ ਕੌਰ ਨੇ ਅੱਜ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ | ਡਾ. ਸੰਦੀਪ ਰਾਣਾ ਮੁਖੀ ਭਾਸ਼ਾਵਾਂ ਵਿਭਾਗ ਨੇ ਆਏ ਹੋਏ ਬੁਲਾਰਿਆਂ ਦਾ ਨਿੱਘਾ ਸਵਾਗਤ ਕੀਤਾ | ਤੀਸਰੇ ਦਿਨ ਦੇ ਪਹਿਲੇ ਸੈਸ਼ਨ ਦੌਰਾਨ 'ਰਿਓੜੀਆਂ ਜਾਂ ਹੱਕ-ਸਮਾਜਿਕ ਸੁਰੱਖਿਆ ਦੇ ਸੰਦਰਭ ਵਿਚ' ਵਿਸ਼ੇ ਉੱਤੇ ਮੁੱਖ ਬੁਲਾਰੇ ਵਜੋਂ ਰਿਤਿਕਾ ਖੇੜਾ ਪ੍ਰੋਫੈਸਰ ਆਈ.ਆਈ.ਟੀ ਦਿੱਲੀ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਕੇਵਲ ਸਰਕਾਰੀ ਸਕੀਮਾਂ ਤੱਕ ਸੀਮਿਤ ਨਹੀਂ, ਸਗੋਂ ਇਹ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਇਕ ਮੂਲਭੂਤ ਸੰਕਲਪ ਹੈ | ਦੂਸਰੀ ਬੈਠਕ 'ਸਰਗਮ ਵਿਹੂਣੇ ਸਾਜ਼-ਪੇਂਡੂ ਸਿੱਖਿਆ ਦਾ ਸੰਕਟ ਅਤੇ ਸੰਭਾਵਨਾਵਾਂ' ਸਿਰਲੇਖ ਹੇਠ ਆਯੋਜਿਤ ਕੀਤੀ ਗਈ | ਇਸ ਦੇ ਮੁੱਖ ਬੁਲਾਰੇ ਵਜੋਂ ਡਾ. ਰਮਿੰਦਰ ਸਿੰਘ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਡਾ. ਨੀਤੂ ਅਰੋੜਾ ਯੂਨੀਵਰਸਿਟੀ ਕਾਲਜ ਘੁੱਦਾ, ਸੈਮ ਗੁਰਵਿੰਦਰ ਸਰਕਾਰੀ ਮਿਡਲ ਸਕੂਲ ਸਾਧੂਵਾਲਾ ਅਤੇ ਕੰਵਲਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਭਾਗ ਲਿਆ | ਅੱਜ ਦੀਆਂ ਬੈਠਕਾਂ ਦੇ ਸੂਤਰਧਾਰ ਮੁਖੀ ਸੋਸ਼ਲ ਸਾਇੰਸਜ਼ ਵਿਭਾਗ ਡਾ. ਬਲਦੇਵ ਸਿੰਘ ਸ਼ੇਰਗਿੱਲ ਰਹੇ | ਵਿਦਾਇਗੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਸ਼ਾਮਿਲ ਹੋਏ | ਇਸ ਦੌਰਾਨ ਵਿਦਾਇਗੀ ਭਾਸ਼ਣ ਡਾ. ਸਵਰਾਜਵੀਰ ਸਿੰਘ ਸਾਬਕਾ ਐਡੀਟਰ ਪੰਜਾਬੀ ਟਿ੍ਬਿਊਨ ਵੱਲੋਂ ਪੇਸ਼ ਕੀਤਾ ਗਿਆ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦਮਦਮਾ ਸਾਹਿਬ ਸਾਹਿਤਕ ਮੇਲਾ ਕੇਵਲ ਇੱਕ ਸਮਾਰੋਹ ਨਹੀਂ, ਸਗੋਂ ਇਹ ਵਿਚਾਰਾਂ ਦੀ ਸਾਂਝ ਅਤੇ ਸੰਵਾਦ ਦਾ ਮੰਚ ਹੈ | ਅੱਜ ਦੀਆਂ ਬੈਠਕਾਂ ਦਾ ਸੰਚਾਲਨ ਡਾ. ਸੁਖਦੀਪ ਕੌਰ ਅਤੇ ਡਾ. ਸੁਖਵਿੰਦਰ ਕੌਰ ਨੇ ਕੀਤਾ | ਮੇਲੇ ਦੇ ਤਿੰਨ ਦਿਨਾਂ ਦੌਰਾਨ ਹੋਈਆਂ ਸਾਹਿਤਕ ਸਰਗਰਮੀਆਂ ਦੀ ਰਿਪੋਰਟ ਡਾ. ਭਾਵਨਾ ਸ਼ਰਮਾ ਵਲੋਂ ਪੇਸ਼ ਕੀਤੀ ਗਈ | ਭਾਸ਼ਾਵਾਂ ਵਿਭਾਗ ਦੇ ਪ੍ਰੋਫੈਸਰ ਸੁਸ਼ੀਲ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ |