ਸੰਗਤ ਮੰਡੀ, 17 ਫਰਵਰੀ (ਸੁਖਤੇਜ ਧਾਲੀਵਾਲ): ਪਿੰਡ ਘੁੱਦਾ ਵਿਖੇ ਮਜ਼ਦੂਰਾਂ ਵਲੋਂ ਆਪਣੀ ਮਿਹਨਤ ਮਜ਼ਦੂਰੀ ਦਾ ਪੈਸਾ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਐਮ.ਐਸ.ਆਰ.ਐੱਲ ਟਰਾਂਸਪੋਰਟ ਦੀਆਂ ਗੱਡੀਆਂ ਰੋਕ ਕੇ ਵਿਰੋਧ ਕੀਤਾ | ਇਸ ਮੌਕੇ ਮਜ਼ਦੂਰ ਆਗੂ ਪਾਲੀ ਸਿੰਘ, ਰਿੰਕੂ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਵਲੋਂ ਸੈਂਟਰਲ ਯੂਨੀਵਰਸਿਟੀ ਘੁੱਦਾ ਵਿਖੇ ਰੇਤੇ ਬਜਰੀ ਦੀਆਂ ਭਰੀਆਂ ਗੱਡੀਆਂ ਨੂੰ ਖ਼ਾਲੀ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ | ਪ੍ਰੰਤੂ ਟਰਾਂਸਪੋਰਟ ਵਲੋਂ ਪਿਛਲੇ ਦੋ ਹਫ਼ਤਿਆਂ ਤੋਂ ਮਜ਼ਦੂਰਾਂ ਦੀ ਮਿਹਨਤ ਮਜ਼ਦੂਰੀ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਸਨ | ਜਿਸ ਦੇ ਵਿਰੋਧ ਵਜੋਂ ਟਰਾਂਸਪੋਰਟ ਦੀਆਂ ਗੱਡੀਆਂ ਨੂੰ ਰੋਕ ਕੇ ਵਿਰੋਧ ਕੀਤਾ ਗਿਆ | ਇਸ ਮੌਕੇ ਹਾਜ਼ਰ ਹੋਏ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਣਦੀ 7 ਹਜ਼ਾਰ ਰੁਪਏ ਦੀ ਰਾਸ਼ੀ ਤੁਰੰਤ ਦਿੱਤੀ ਜਾਵੇ ਅਤੇ ਅੱਗੇ ਤੋਂ ਮਜ਼ਦੂਰਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਬੰਦ ਕੀਤੀ ਜਾਵੇ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਮਿੱਠੂ ਸਿੰਘ ਘੁੱਦਾ, ਨੌਜਵਾਨ ਭਾਰਤ ਸਭਾ ਦੇ ਸੰਦੀਪ ਸਿੰਘ, ਗੁਰਦਾਤ ਸਿੰਘ, ਪਾਲੀ ਸਿੰਘ, ਰਿੰਕੂ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ |
ਮਜ਼ਦੂਰਾਂ ਦੇ ਪੈਸੇ ਰੋਕਣ 'ਤੇ ਕੰਪਨੀ ਦੀਆਂ ਗੱਡੀਆਂ ਰੋਕ ਕੇ ਕੀਤਾ ਵਿਰੋਧ
ਅਜੀਤ ਡੈਸਕ
18-02-2026