ਬਠਿੰਡਾ, 29 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਾਤਾਵਰਣ ਜਾਗਰੂਕਤਾ ਨੂੰ ਲੋਕ ਅੰਦੋਲਨ ਵਿਚ ਬਦਲਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਲੋਂ ਦੋ ਦਿਨਾਂ ਵਰਕਸ਼ਾਪ 'ਆਲ੍ਹਣਾ ਬਣਾਓ, ਧਰਤੀ ਬਚਾਓ- ਹੈਂਡਜ਼ ਆਨ ਵਰਕਸ਼ਾਪ ਆਨ ਬਰਡ ਨੇਸਟ ਮੇਕਿੰਗ' ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਬੱਚਿਆਂ ਨੂੰ ਪੰਛੀ ਸੁਰੱਖਿਆ, ਵਾਤਾਵਰਣ ਸੁਰੱਖਿਆ ਅਤੇ ਜੈਵਿਕ ਵਿਭਿੰਨਤਾ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਸੀ | ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਤੇ ਮਿਸ਼ਨ ਲਾਈਫ਼ ਤਹਿਤ ਆਯੋਜਿਤ ਕੀਤਾ ਗਿਆ, ਜਿਸਨੂੰ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦਾ ਸਮਰਥਨ ਪ੍ਰਾਪਤ ਸੀ | ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਮੁੱਖ ਮਹਿਮਾਨ ਅਤੇ ਸਰਪ੍ਰਸਤ ਵਜੋਂ ਪ੍ਰੋਗਰਾਮ ਦੀ ਅਗਵਾਈ ਕੀਤੀ | ਵਰਕਸ਼ਾਪ ਵਿਚ ਕੁੱਲ 232 ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁੰਬਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁੱਦਾ, ਡਿਫਰੈਂਟ ਕਾਨਵੈਂਟ ਪਬਲਿਕ ਸਕੂਲ ਘੁੱਦਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ ਦੇ ਵਿਦਿਆਰਥੀ ਵੀ ਸ਼ਾਮਲ ਸਨ | ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਮਨੁੱਖ ਹੋਣ ਦੇ ਨਾਤੇ ਸਾਡਾ ਨੈਤਿਕ ਫ਼ਰਜ਼ ਹੈ ਕਿ ਅਸੀਂ ਧਰਤੀ ਉੱਤੇ ਹੋਰ ਜੀਵਾਂ ਅਤੇ ਜੈਵਿਕ ਵਿਭਿੰਨਤਾ ਦੀ ਰੱਖਿਆ ਲਈ ਵਚਨਬੱਧ ਰਹੀਏ | ਉਨ੍ਹਾਂ ਕਿਹਾ ਕਿ ਪੰਛੀਆਂ ਲਈ ਸੁਰੱਖਿਅਤ ਆਲ੍ਹਣੇ ਤਿਆਰ ਕਰਨਾ ਇੱਕ ਛੋਟਾ, ਪਰ ਬਹੁਤ ਮਹੱਤਵਪੂਰਨ ਕਦਮ ਹੈ, ਜੋ ਸਹਿਹੋਂਦ, ਸੁਰੱਖਿਆ ਅਤੇ ਵਾਤਾਵਰਣ ਸੰਤੁਲਨ ਦਾ ਮਜ਼ਬੂਤ ਪ੍ਰਤੀਕ ਬਣ ਸਕਦਾ ਹੈ | ਈਕੋਰੂਟ ਫਾਊਾਡੇਸ਼ਨ ਦੇ ਮਨੋਜ ਲੀਲਾ ਭੱਟ ਨੇ ਭਾਗੀਦਾਰਾਂ ਨੂੰ ਪੰਛੀਆਂ ਲਈ ਸੁਰੱਖਿਅਤ ਅਤੇ ਉਪਯੋਗੀ ਆਲ੍ਹਣੇ ਬਣਾਉਣ ਦੀ ਵਿਹਾਰਕ ਸਿਖਲਾਈ ਦਿੱਤੀ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਆਫ਼ ਐਨਵਾਇਰਨਮੈਂਟ ਐਂਡ ਅਰਥ ਸਾਇੰਸਜ਼ ਦੀ ਡੀਨ ਅਤੇ ਵਰਕਸ਼ਾਪ ਕੋਆਰਡੀਨੇਟਰ ਪ੍ਰੋ. ਯੋਗਾ ਲਕਸ਼ਮੀ ਕੇ.ਐਨ. ਦੇ ਸਵਾਗਤੀ ਸੰਬੋਧਨ ਨਾਲ ਹੋਈ | ਪ੍ਰੋ. ਸੁਨੀਲ ਮਿੱਤਲ ਨੇ ਵੀ ਭਾਗੀਦਾਰਾਂ ਨੂੰ ਵਾਤਾਵਰਣ ਸੰਭਾਲ, ਜ਼ਿੰਮੇਵਾਰ ਜੀਵਨ ਸ਼ੈਲੀ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਵਿਭਾਗ ਮੁਖੀ ਪ੍ਰੋ. ਵਿਨੋਦ ਕੁਮਾਰ ਗਰਗ ਨੇ ਸਾਰੇ ਭਾਗੀਦਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ |
ਸੀਯੂ ਪੰਜਾਬ ਦੀ ਵਿਲੱਖਣ ਪਹਿਲ : 'ਆਲ੍ਹਣਾ ਬਣਾਓ, ਧਰਤੀ ਬਚਾਓ' ਬਰਡ ਨੈੱਸਟ ਮੇਕਿੰਗ ਵਰਕਸ਼ਾਪ
ਅਜੀਤ ਡੈਸਕ
30-04-2026