ਮਹਿਰਾਜ, 15 ਮਈ (ਸੁਖਪਾਲ ਮਹਿਰਾਜ): ਨਗਰ ਪੰਚਾਇਤ ਮਹਿਰਾਜ ਅਤੇ ਇਲਾਕੇ ਦੀਆਂ ਹੋਰ ਨਗਰ ਪੰਚਾਇਤਾਂ ਵਿਚ ਆਮ ਆਦਮੀ ਪਾਰਟੀ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ | ਹਲਕਾ ਰਾਮਪੁਰਾ ਫੂਲ ਦੇ ਵੱਡੇ ਨਗਰ ਮਹਿਰਾਜ ਵਿਚ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ 55 ਪਰਿਵਾਰ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਸਾਫ਼-ਸੁਥਰੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ | ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਮਹਿਰਾਜ ਵਿਚ ਪਿਛਲੇ ਸਮੇਂ ਦੌਰਾਨ ਰਿਕਾਰਡ ਤੋੜ ਵਿਕਾਸ ਕਾਰਜ ਹੋਏ ਹਨ | ਨਗਰ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ 'ਆਪ' ਦੇ ਉਮੀਦਵਾਰਾਂ ਦੀ ਮਿਹਨਤ ਅਤੇ ਇਮਾਨਦਾਰ ਕਾਰਗੁਜ਼ਾਰੀ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ 'ਤੇ ਵਧਿਆ ਹੈ | ਸਿੱਧੂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿਚ 5 ਨਗਰ ਪੰਚਾਇਤਾਂ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕ ਹੁਣ ਰਵਾਇਤੀ ਪਾਰਟੀਆਂ ਦੀ ਸਿਆਸਤ ਤੋਂ ਤੰਗ ਆ ਚੁੱਕੇ ਹਨ ਅਤੇ ਵਿਕਾਸ, ਇਮਾਨਦਾਰੀ ਅਤੇ ਲੋਕ ਸੇਵਾ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ | ਇਸ ਮੌਕੇ ਯੋਧਾ ਮਹਿਰਾਜ, ਡਾ: ਜਗਸੀਰ ਸਿੰਘ ਵੈਦ, ਕੁਲਵੰਤ ਸਿੰਘ, ਲੱਖਾ ਮਹਿਰਾਜ, ਡਾ: ਸੁਖਪਾਲ ਸਿੰਘ, ਹੈਪੀ ਮਹਿਲ, ਬੂਰਾ ਸਿੰਘ ਨੰਬਰਦਾਰ, ਗੁਰਦੀਪ ਸਿੰਘ ਢੂੱਲੇ ਵਾਲਾ ਆਦਿ ਹਾਜ਼ਰ ਸਨ |