ਮਲੂਕਾ ਵਲੋਂ ਰਾਮਾਂ 'ਚ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਨਾਂ ਭਰਨ ਦੇਣ ਦੇ ਲਗਾਏ ਦੋਸ਼ <br/>
ਡੀ.ਆਈ.ਜੀ. ਬਠਿੰਡਾ ਰੇਂਜ ਨੂੰ ਦਿੱਤਾ ਮੰਗ ਪੱਤਰ
16-05-2026
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਦੇ ਵਧ ਰਹੇ ਅਧਾਰ ਅਤੇ ਸੱਤਾ ਧਿਰ ਦੇ ਉਮੀਦਵਾਰਾਂ ਦੀ ਹਾਰ ਨੂੰ ਵੇਖਦਿਆਂ ਸਰਕਾਰ ਪੁਲਿਸ ਤੰਤਰ ਨਾਲ ਚੋਣਾਂ ਲੁੱਟਣਾ ਚਾਹੁੰਦੀ ਹੈ | ਸੂਬਾ ਸਰਕਾਰ 'ਤੇ ਇਹ ਦੋਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਲਾਏ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਾਮਾ 'ਚ ਨਾਮਜ਼ਦਗੀਆਂ ਭਰਨ ਸਮੇਂ ਭਾਜਪਾ ਦੇ ਉਮੀਦਵਾਰਾਂ ਨੂੰ ਅੰਦਰ ਜਾਣ ਤੋਂ ਰੋਕ ਲਿਆ ਗਿਆ | ਜਿਸ ਮਗਰੋਂ ਭਾਜਪਾ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਦੀ ਅਗਵਾਈ 'ਚ ਗੁਰਪ੍ਰੀਤ ਮਲੂਕਾ, ਪਰਮਪਾਲ ਕੌਰ ਸਿੱਧੂ, ਚੋਣ ਇੰਚਾਰਜ ਅਮਰਿੰਦਰ ਸਿੰਘ ਦਾਤੇਵਾਸ, ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਭੱੁਚੋ, ਜਰਨਲ ਸਕੱਤਰ ਮੇਜਰ ਸਿੰਘ ਬਰਾੜ ਇਸ ਮਾਮਲੇ ਨੂੰ ਲੈ ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੂੰ ਮਿਲੇ ਅਤੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਚੋਣਾਂ ਅਮਨ ਅਮਾਨ ਤੇ ਨਿਰਪੱਖ ਹੋਣ, ਲੋਕਤੰਤਰ 'ਚ ਸਾਰੀਆਂ ਰਾਜਨੀਤਕ ਧਿਰਾਂ ਅਤੇ ਨਿੱਜੀ ਤੌਰ 'ਤੇ ਦੇਸ਼ ਦੇ ਹਰ ਨਾਗਰਿਕ ਕੋਲ ਕਿਸੇ ਵੀ ਚੋਣ 'ਚ ਭਾਗ ਲੈਣ ਦਾ ਹੱਕ ਹੈ ਪਰ ਰਾਮਾ ਪੁਲਿਸ ਸਰਕਾਰ ਦੀ ਸ਼ਹਿ 'ਤੇ ਗੁੰਡਾਗਰਦੀ ਕਰਕੇ ਲੋਕਾਂ ਤੋਂ ਇਹ ਹੱਕ ਖੋ ਰਹੀ ਹੈ | ਉਨ੍ਹਾਂ ਡੀ.ਆਈ.ਜੀ ਤੋਂ ਮੰਗ ਕੀਤੀ ਕਿ ਐਸ.ਐਚ.ਓ ਰਾਮਾ 'ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨਾਮਜ਼ਦਗੀ ਦਾਖਿਲ ਕਰਨ ਲਈ ਰਾਮਾਂ ਵਿਖੇ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾਣ | ਉਨ੍ਹਾਂ ਦੇ ਉਮੀਦਵਾਰ ਕੱਲ੍ਹ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ, ਜੇਕਰ ਰਾਮਾ ਪੁਲਿਸ ਨੇ ਭਾਜਪਾ ਉਮੀਦਵਾਰਾਂ ਨਾਲ ਧੱਕਾ ਕੀਤਾ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ, ਪੁਲਿਸ ਦੀ ਕਾਰਵਾਈ ਨਾਲ ਜੇਕਰ ਸ਼ਹਿਰ ਦਾ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਮੌਜੂਦ ਰਹੇ |