ਮਹਿਮਾ ਸਰਜਾ, 15 ਮਈ (ਬਲਦੇਵ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਨਕ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਅਤੇ ਅਫ਼ਸਰਸ਼ਾਹੀ ਦੀ ਸੁਸਤ ਕਾਰਗੁਜ਼ਾਰੀ ਕਾਰਨ ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਣ ਤਹਿਤ ਬਲਾਕ ਗੋਨਿਆਣਾ ਦੇ ਕਰੀਬ ਇਕ ਦਰਜਨ ਪਿੰਡਾਂ ਵਿਚ ਗ਼ਰੀਬ ਪਰਿਵਾਰਾਂ ਦੇ ਸੁਪਨਿਆਂ ਦੇ ਘਰ ਅਧੂਰੇ ਪਏ ਹਨ | ਯੋਜਨਾ ਦੀ ਦੂਜੀ ਕਿਸ਼ਤ ਰੁਕਣ ਨਾਲ 42 ਤੋਂ ਵੱਧ ਮਜ਼ਦੂਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਪਿਛਲੇ ਤਿੰਨ ਮਹੀਨਿਆਂ ਤੋਂ ਸੰਕਟਮਈ ਹਾਲਾਤਾਂ ਵਿਚ ਜੀਵਨ ਬਿਤਾਉਣ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਨੇ 'ਸਭ ਲਈ ਘਰ' ਦੇ ਨਾਅਰੇ ਨੂੰ ਕੇਵਲ ਰਾਜਨੀਤਿਕ ਪ੍ਰਚਾਰ ਤੱਕ ਸੀਮਿਤ ਰੱਖਿਆ ਹੈ, ਜਦਕਿ ਹਕੀਕਤ ਵਿਚ ਗਰੀਬਾਂ ਨੂੰ ਅਧੂਰੀਆਂ ਕੰਧਾਂ ਅਤੇ ਖੁੱਲ੍ਹੇ ਅਸਮਾਨ ਹੇਠ ਛੱਡ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਹਿਮਾ ਸਰਜਾ ਦੇ 10, ਗੰਗਾ ਅਬਲੂ ਦੇ 12, ਮਹਿਮਾ ਸਵਾਈ ਦੇ 4, ਸਿਵੀਆਂ ਦੇ 3, ਗਿੱਲਪੱਤੀ ਦੇ 2, ਬਰਕੰਦੀ ਦੇ 3 ਅਤੇ ਹੋਰ ਪਿੰਡਾਂ ਦੇ ਕਈ ਘਰ ਸ਼ਾਮਲ ਹਨ, ਜੋ ਸਰਕਾਰ ਦੀ ਬੇਰੁਖੀ ਦਾ ਸੰਤਾਪ ਝੱਲ ਰਹੇ ਹਨ | ਲਾਭਪਾਤਰੀ ਹਰਜਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਸਰਕਾਰ ਦੇ ਭਰੋਸੇ ਉਨ੍ਹਾਂ ਆਪਣੇ ਪੁਰਾਣੇ ਕੱਚੇ ਮਕਾਨ ਢਾਹ ਕੇ ਨਵੇਂ ਘਰਾਂ ਦੀ ਉਸਾਰੀ ਸ਼ੁਰੂ ਕੀਤੀ ਸੀ | ਉਨ੍ਹਾਂ ਦੇ ਨਿਰਮਾਣ ਦੀ ਪਹਿਲੀ ਕਿਸ਼ਤ ਦੇ 71 ਹਜ਼ਾਰ ਰੁਪਏ ਨਾਲ ਸਿਰਫ਼ ਕੰਧਾਂ ਅਤੇ ਦਰਵਾਜ਼ੇ ਹੀ ਤਿਆਰ ਹੋ ਸਕੇ ਹਨ, ਪਰ ਦੂਜੀ ਕਿਸ਼ਤ ਜੋ ਲੈਂਟਰ ਲਈ ਮਿਲਣ ਵਾਲੀ ਰਕਮ ਰੁਕਣ ਕਾਰਨ ਕੰਮ ਵਿਚਕਾਰ ਹੀ ਠੱਪ ਹੋ ਗਿਆ | ਉਨ੍ਹਾਂ ਕਿਹਾ ਕਿ 45 ਡਿਗਰੀ ਤੋਂ ਵੱਧ ਤਾਪਮਾਨ ਵਿਚ ਪਰਿਵਾਰ ਅਧੂਰੇ ਮਕਾਨਾਂ ਵਿੱਚ ਜਾਂ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਰਾਤਾਂ ਗੁਜ਼ਾਰ ਰਹੇ ਹਨ | ਮਹਿਲਾਵਾਂ ਨੇ ਕਿਹਾ ਕਿ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਹੋਰਾਂ ਦੇ ਘਰ ਸ਼ਰਨ ਲੈਣੀ ਪੈਂਦੀ ਹੈ | ਪੀੜ੍ਹਤਾਂ ਨੇ ਦੋਸ਼ ਲਗਾਇਆ ਕਿ ਦਫ਼ਤਰਾਂ ਦੇ ਲਗਾਤਾਰ ਚੱਕਰ ਕੱਟਣ ਦੇ ਬਾਵਜੂਦ ਉਨ੍ਹਾਂ ਨੂੰ ਕੇਵਲ ਭਰੋਸੇ ਹੀ ਮਿਲ ਰਹੇ ਹਨ | ਉਧਰ ਬੀਡੀਪੀਓ ਗੋਨਿਆਣਾ ਰੁਪਿੰਦਰ ਸਿੰਘ ਨੇ ਕਿਹਾ ਕਿ ਆਵਾਸ ਯੋਜਨਾ ਤਹਿਤ 79-80 ਘਰਾਂ ਦਾ ਕੰਮ ਚੱਲ ਰਿਹਾ ਹੈ ਅਤੇ ਜਿਨ੍ਹਾਂ ਵਿਚ ਕੁਝ ਲਾਭਪਾਤਰੀਆਂ ਦੀ ਪੇਮੈਂਟ ਪੈ ਚੁੱਕੀ ਹੈ ਬਾਕੀ ਲਾਭਪਾਤਰੀਆਂ ਦੀ ਪੇਮੈਂਟ ਕੇਂਦਰ ਤੋਂ ਪੈਣ ਉਪਰੰਤ ਆਨਲਾਈਨ ਪ੍ਰਕਿਰਿਆ ਪੂਰੀ ਹੋਣ ਬਾਅਦ ਜਲਦ ਜਾਰੀ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਜ਼ਰੂਰ ਮਿਲੇਗਾ |