ਭਗਤਾ ਭਾਈਕਾ, 18 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ ਸਬ-ਤਹਿਸੀਲ ਅਧੀਨ ਪੈਂਦੀਆਂ ਤਿੰਨ ਨਗਰ ਪੰਚਾਇਤਾਂ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਵਿਖੇ ਅੱਜ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਨੂੰ ਲੈ ਨਗਰ ਪੰਚਾਇਤ ਦਫ਼ਤਰਾਂ ਅੱਗੇ ਪੂਰਾ ਦਿਨ ਮੇਲਾ ਲਗਿਆ ਰਿਹਾ | ਭਗਤਾ ਭਾਈਕਾ ਵਿਖੇ ਵਾਰ-ਵਾਰ ਵੱਖ-ਵੱਖ ਧਿਰਾਂ ਦੇ ਉਮੀਦਵਾਰਾਂ ਦੇ ਪੇਪਰ ਰੱਦ ਹੋਣ ਦੀ ਚਰਚਾ ਜਾਰੀ ਰਹੀ | ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਸਥਾਨਕ ਸਬ ਤਹਿਸੀਲ ਵਿਖੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਮੌਕੇ ਉੱਪਰ ਪਹੁੰਚ ਕੇ ਮੋਰਚੇ 'ਤੇ ਡਟ ਗਏ | ਸਾਬਕਾ ਕੈਬਨਿਟ ਮੰਤਰੀ ਕਾਂਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਉਮੀਦਵਾਰ ਨਾਲ ਧੱਕੇਸ਼ਾਹੀ ਨਹੀ ਹੋਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਠੋਕਵਾਂ ਜੁਆਬ ਦਿੱਤਾ ਜਾਵੇਗਾ | ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਨਗਰ ਪੰਚਾਇਤ ਮਲੂਕਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਹ ਧਰਨਾ ਦੇਰ ਸ਼ਾਮ ਤੱਕ ਅਧਿਕਾਰੀਆਂ ਵਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੱਕ ਜਾਰੀ ਰਿਹਾ | ਇਸ ਧਰਨੇ ਦੌਰਾਨ ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਧਰਨਾਕਾਰੀਆਂ ਵਲੋਂ ਪੇਪਰਾਂ ਦੀ ਲਿਸਟ ਜਾਰੀ ਕਰਨ ਵਿਚ ਦੇਰੀ ਕਰਨ ਦੇ ਰੋਸ ਵਿਚ ਅਧਿਕਾਰੀਆਂ, ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ | ਧਰਨੇ ਸੰਬੰਧੀ ਸੂਚਨਾ ਮਿਲਣ 'ਤੇ ਨਜ਼ਦੀਕੀ ਪਿੰਡਾਂ ਤੋਂ ਵੀ ਅਕਾਲੀ ਸਮਰਥਕ ਵੱਡੀ ਗਿਣਤੀ ਵਿਚ ਪਹੁੰਚੇ | ਧਰਨੇ ਦੌਰਾਨ ਡੀਐਸਪੀ ਫੂਲ ਮਨੋਜ ਕੁਮਾਰ, ਡੀਐਸਪੀ ਭੁੱਚੋ ਪਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਹੋਏ | ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ, ਜਿਸ ਕਰਕੇ ਉਹ ਵਿਰੋਧੀ ਉਮੀਦਵਾਰਾਂ ਦੇ ਪੇਪਰ ਰੱਦ ਕਰਕੇ ਆਪਣੀ ਫੋਕੀ ਸੋਅਰਤ ਬਣਾਉਣਾ ਚਾਹੁੰਦੇ ਹਨ | ਮਲੂਕਾ ਨੇ ਕਿਹਾ ਕਿ ਉਹ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਦਿਨ ਰਾਤ ਚਟਾਨ ਵਾਂਗ ਖੜੇ ਹਨ, ਕਿਸੇ ਨਾਲ ਧੱਕੇਸ਼ਾਹੀ ਨਹੀ ਹੋਣ ਦੇਣਗੇ | ਧਰਨਾਕਾਰੀਆਂ ਦਾ ਰੋਸ ਅਤੇ ਦਬਾਅ ਵਧਦਾ ਦੇਖਦੇ ਹੋਏ ਸਮੇਂ ਤੋਂ ਕਰੀਬ ਤਿੰਨ ਘੰਟੇ ਲੇਟ ਲਿਸਟ ਜਾਰੀ ਕੀਤੀ ਗਈ | ਇਸ ਲਿਸਟ ਅੰਦਰ ਮਲੂਕਾ ਦੇ ਵਾਰਡ ਨੰਬਰ-2 ਤੋਂ ਸੁਖਦੇਵ ਸਿੰਘ, ਵਾਰਡ ਨੰਬਰ-3 ਤੋਂ ਸਰਬਜੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ ਅਤੇ ਅਮਨਦੀਪ ਕੌਰ, ਵਾਰਡ ਨੰਬਰ-8 ਤੋਂ ਦਰਸ਼ਨ ਸਿੰਘ, ਅਮਰਜੀਤ ਰਾਮ ਦੇ ਪੇਪਰ ਅਯੋਗ ਪਾਏ ਜਾਣ ਕਰਕੇ ਰੱਦ ਕਰ ਦਿੱਤੇ ਗਏ ਹਨ |
ਅਕਾਲੀ ਦਲ ਅਤੇ ਭਾਜਪਾ ਸਮਰਥਕਾਂ ਵਲੋਂ ਮਲੂਕਾ 'ਚ ਦੇਰ ਤੱਕ ਧਰਨਾ-ਅਧਿਕਾਰੀ, ਹਲਕਾ ਵਿਧਾਇਕ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਅਜੀਤ ਡੈਸਕ
19-05-2026