15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਚਿੰਤਨ ਸ਼ਿਵਰ : ਵਿਸ਼ਵਵਿਆਪੀ ਖੇਡ ਸ਼ਕਤੀ ਬਣਨ ਦਾ ਰੋਡਮੈਪ

ਅਜੀਤ ਡੈਸਕ 19-05-2026

ਦੋ ਚਿੰਤਨ ਸ਼ਿਵਰਾਂ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨ ਤੋਂ ਬਾਅਦ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਅੱਜ ਭਾਰਤੀ ਖੇਡ ਜਗਤ ਦੀਆਂ ਸਭ ਤੋਂ ਸਮਾਂਬੱਧ ਤੇ ਪ੍ਰਭਾਵਸ਼ਾਲੀ ਪਹਿਲਕਦਮੀਆਂ 'ਚੋਂ ਇਕ ਹੈ। ਅਸੀਂ ਆਪਣੇ ਰਾਸ਼ਟਰ ਦੀ ਖੇਡ ਯਾਤਰਾ ਦੇ ਇਕ ਮਹੱਤਵਪੂਰਨ ਮੋੜ 'ਤੇ ਹਾਂ, ਇਕ ਅਜਿਹਾ ਮੋੜ ਜਿੱਥੇ ਇਰਾਦਾ, ਨਿਵੇਸ਼ ਤੇ ਪ੍ਰੇਰਨਾ ਮਿਸਾਲੀ ਤੌਰ 'ਤੇ ਇਕੱਠੇ ਮਿਲ ਰਹੇ ਹਨ। ਪਿਛਲੇ ਇਕ ਦਹਾਕੇ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਖੇਡਾਂ ਵਿਚ ਹਾਸ਼ੀਏ ਤੋਂ ਮੁੱਖਧਾਰਾ 'ਚ ਆ ਗਿਆ ਹੈ। ਇਸ ਦੀ ਮਹੱਤਤਾ ਵੱਲ ਵੀ ਸਾਫ਼ ਤੌਰ 'ਤੇ ਰਾਸ਼ਟਰੀ ਜਾਗਰੂਕਤਾ ਦੇਖੀ ਜਾ ਸਕਦੀ ਹੈ, ਨਾ ਸਿਰਫ਼ ਇਕ ਪ੍ਰਤੀਯੋਗੀ ਗਤੀਵਿਧੀ ਵਜੋਂ, ਸਗੋਂ ਸਿਹਤ, ਅਨੁਸ਼ਾਸਨ ਤੇ ਰਾਸ਼ਟਰੀ ਮਾਣ ਦੇ ਸਾਧਨ ਵਜੋਂ ਵੀ। ਅੱਜ ਅਸੀਂ ਵਿਸ਼ਾਲ ਤੇ ਵੱਖ-ਵੱਖ ਪ੍ਰਣਾਲੀਆਂ ਦੇਖ ਰਹੇ ਹਾਂ, ਜਿੱਥੇ ਰਾਜ ਸਰਕਾਰਾਂ, ਗ਼ੈਰ ਸਰਕਾਰੀ ਸੰਗਠਨ, ਨਿਗਮ, ਸੰਘ ਤੇ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਸਾਰੇ ਮਿਲ ਕੇ ਖੇਡਾਂ ਦੇ ਵਿਕਾਸ 'ਚ ਯੋਗਦਾਨ ਪਾ ਰਹੇ ਹਨ। ਖੇਡਾਂ ਆਪਣੇ-ਆਪ 'ਚ ਕਈ ਖੇਤਰਾਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ 'ਚ ਮੈਨੂਫੈਕਚਰਿੰਗ, ਮਨੋਰੰਜਨ, ਫਿਟਨੈੱਸ, ਮੀਡੀਆ ਤੇ ਸਿੱਖਿਆ ਸ਼ਾਮਿਲ ਹਨ। ਇਹ ਸ਼ਿਵਰ ਇਨ੍ਹਾਂ ਸਾਰੇ ਖੇਤਰਾਂ ਨੂੰ ਇਕੱਠੇ ਲਿਆਉਣ 'ਚ ਸਹਾਇਤਾ ਕਰਦਾ ਹੈ। ਇਹ ਇਕ ਸ਼ਕਤੀਸ਼ਾਲੀ ਪ੍ਰੇਰਕ ਵਜੋਂ ਵੀ ਕੰਮ ਕਰਦਾ ਹੈ, ਸਫ਼ਲਤਾ ਦੀਆਂ ਸਾਰੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਇਸ ਵਿਚਾਰ ਨੂੰ ਹੋਰ ਪੁਖ਼ਤਾ ਕਰਦਾ ਹੈ ਕਿ ਭਾਰਤ 'ਚ ਖੇਡਾਂ ਸਿਰਫ਼ ਖ਼ਾਸ ਤਗਮਿਆਂ ਤੱਕ ਹੀ ਸੀਮਤ ਨਹੀਂ, ਸਗੋਂ ਇਸ 'ਚ ਸ਼ਮੂਲੀਅਤ ਤੇ ਰਾਸ਼ਟਰ ਨਿਰਮਾਣ ਵੀ ਸ਼ਾਮਿਲ ਹੈ।
ਫਿੱਟ ਇੰਡੀਆ ਮੂਵਮੈਂਟ ਵਰਗੀਆਂ ਪਹਿਲਕਦਮੀਆਂ, ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਤੇ ਸਾਈਕਲਿੰਗ ਮੁਕਾਬਲੇ ਵਰਗੀਆਂ ਭਾਈਚਾਰਕ ਗਤੀਵਿਧੀਆਂ ਨੇ ਖੇਡਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਨਵਾਂ ਰੂਪ ਦਿੱਤਾ ਹੈ। ਤਗਮੇ ਜਿੱਤਣ ਦੀਆਂ ਇੱਛਾਵਾਂ ਹੋਰ ਵਿਆਪਕ ਭਾਈਵਾਲੀ, ਹੁਣ ਵੱਖ-ਵੱਖ ਮੁੱਦੇ ਨਹੀਂ ਹਨ, ਸਗੋਂ ਉਹ ਇਕ ਹੀ ਪ੍ਰਕਿਰਿਆ ਦਾ ਹਿੱਸਾ ਹਨ। ਸ੍ਰੀਨਗਰ 'ਚ ਸ਼ਿਵਰ ਦਾ ਆਯੋਜਨ ਕਰਨ ਨਾਲ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਇਸ ਚਿੰਤਨ ਸ਼ਿਵਰ ਦਾ ਇਕ ਅਹਿਮ ਕੇਂਦਰ ਬਿੰਦੂ ਸ੍ਰੀਨਗਰ ਖੇਡ ਸੰਕਲਪ ਨੂੰ ਅਪਣਾਉਣਾ ਸੀ। ਇਹ ਸੰਕਲਪ ਸਿਰਫ ਇਕ ਇਰਾਦੇ ਦਾ ਦਸਤਾਵੇਜ਼ ਨਹੀਂ, ਸਗੋਂ ਇਕ ਏਕੀਕ੍ਰਿਤ ਢਾਂਚਾ ਹੈ, ਜੋ ਭਾਰਤੀ ਖੇਡ ਜਗਤ ਦੇ ਸਾਰੇ ਹਿਤਧਾਰਕਾਂ ਦੀਆਂ ਇੱਛਾਵਾਂ ਨੂੰ ਇਕੱਠਾ ਕਰਦਾ ਹੈ। ਸ੍ਰੀਨਗਰ ਖੇਡ ਸੰਕਲਪ ਦੀ ਅਸਲੀ ਤਾਕਤ ਵੱਖ-ਵੱਖ ਭਾਈਵਾਲਾਂ-ਸਰਕਾਰਾਂ, ਸੰਘਾਂ, ਨਿੱਜੀ ਖੇਤਰ ਤੇ ਨਾਗਰਿਕ ਸਮਾਜ ਨੂੰ ਇਕ ਮੰਚ 'ਤੇ ਲਿਆਉਣ ਦੀ ਸਮਰੱਥਾ 'ਚ ਮੌਜੂਦ ਹੈ।
ਭਾਰਤ ਨੂੰ 2036 ਤੱਕ ਉਲੰਪਿਕ ਖੇਡਾਂ 'ਚ ਟਾਪ-10 ਦੇਸ਼ਾਂ ਵਿਚ ਸ਼ਾਮਿਲ ਹੋਣ ਦੀ ਆਪਣੀ ਲੰਬੇ ਸਮੇਂ ਦੀ ਇੱਛਾ ਨੂੰ ਪ੍ਰਾਪਤ ਕਰਨ ਲਈ ਇਹ ਤਾਲਮੇਲ ਬਹੁਤ ਮਹੱਤਵਪੂਰਨ ਹੈ। ਵਿਸ਼ਵ ਪੱਧਰੀ ਅਥਲੀਟ ਤਿਆਰ ਕਰਨ ਲਈ ਨਾ ਸਿਰਫ਼ ਹੁਨਰ ਦੀ ਲੋੜ ਹੁੰਦੀ ਹੈ, ਸਗੋਂ ਇਕ ਸੁਚਾਰੂ ਪ੍ਰਣਾਲੀ ਵੀ ਲਾਜ਼ਮੀ ਹੁੰਦੀ ਹੈ, ਜਿਸ 'ਚ ਜ਼ਮੀਨੀ ਪੱਧਰ 'ਤੇ ਪਛਾਣ, ਵਿਗਿਆਨਕ ਟ੍ਰੇਨਿੰਗ, ਬੁਨਿਆਦੀ ਢਾਂਚਾ, ਉੱਤਮ ਕੋਚਿੰਗ, ਪ੍ਰਤੀਯੋਗਤਾ ਦਾ ਅਨੁਭਵ ਤੇ ਨਿਰੰਤਰ ਵਿੱਤੀ ਤੇ ਸੰਸਥਾਗਤ ਸਮਰਥਨ ਸ਼ਾਮਿਲ ਹਨ। ਸੰਕਲਪ ਉਹੀ ਰਣਨੀਤਕ ਕੜੀ ਹੈ, ਜੋ ਇਨ੍ਹਾਂ ਸਾਰੇ ਤੱਤਾਂ ਨੂੰ ਇਕ ਯੋਜਨਾਬੱਧ ਪ੍ਰਣਾਲੀ ਨਾਲ ਜੋੜ ਸਕਦਾ ਹੈ। ਇਨ੍ਹਾਂ ਚਰਚਾਵਾਂ ਤੋਂ ਜੋ ਗੱਲ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਈ ਹੈ, ਉਹ ਹੈ ਇਸ ਵਿਵਸਥਾ 'ਚ ਮੌਜੂਦ ਉਮੀਦ। ਸਾਰਿਆਂ ਦਾ ਇਹ ਮੰਨਣਾ ਹੈ ਕਿ ਭਾਰਤ ਦਾ ਖੇਡ ਭਵਿੱਖ ਰੌਸ਼ਨ ਹੈ ਤੇ ਸਹਿਯੋਗ ਨਾਲ ਅਸੀਂ ਇਕ ਮਜ਼ਬੂਤ ਤੇ ਸ਼ਾਨਦਾਰ ਪ੍ਰਦਰਸ਼ਨ ਵਾਲੇ ਖੇਡ ਸੱਭਿਆਚਾਰ ਦਾ ਨਿਰਮਾਣ ਕਰ ਸਕਦੇ ਹਾਂ।
(ਲੇਖਕ ਭਾਰਤੀ ਰਾਸ਼ਟਰੀ ਬੈੱਡਮਿੰਟਨ ਟੀਮ ਦੇ ਮੁੱਖ ਰਾਸ਼ਟਰੀ ਕੋਚ ਹਨ।)

ਪਿਛਲੀ ਖ਼ਬਰ ਅਕਾਲੀ ਦਲ ਅਤੇ ਭਾਜਪਾ ਸਮਰਥਕਾਂ ਵਲੋਂ ਮਲੂਕਾ 'ਚ ਦੇਰ ਤੱਕ ਧਰਨਾ-ਅਧਿਕਾਰੀ, ਹਲਕਾ ਵਿਧਾਇਕ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾ... ਅਗਲੀ ਖ਼ਬਰ ਅੱਠ ਵਾਰ ਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲੀ ਜੈਵਲਿਨ ਥ੍ਰੋਅਰ ਅਨੂ ਰਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।