15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅੱਠ ਵਾਰ ਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲੀ ਜੈਵਲਿਨ ਥ੍ਰੋਅਰ ਅਨੂ ਰਾਣੀ

ਅਜੀਤ ਡੈਸਕ 19-05-2026

ਅਨੂ ਰਾਣੀ, ਜਿਸ ਨੂੰ ਭਾਰਤ ਲਈ ਜੈਵਲਿਨ ਥ੍ਰੋਅ 'ਚ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਹੋਣ ਦਾ ਮਾਣ ਹੈ, ਦਾ ਜਨਮ 28 ਅਗਸਤ 1992 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਹੋਇਆ। ਉਸ ਦਾ ਖੇਡ ਸਫ਼ਰ ਬਹੁਤ ਹੀ ਸਧਾਰਨ ਪਰਿਵਾਰ ਤੋਂ ਸ਼ੁਰੂ ਹੋਇਆ ਤੇ ਉਸ ਦੀ ਸਖ਼ਤ ਮਿਹਨਤ ਤੇ ਦ੍ਰਿੜ੍ਹ ਇਰਾਦੇ ਨੇ ਉਸ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ। ਉਸ ਦੇ ਭਰਾ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਉਸ ਨੂੰ ਉਤਸ਼ਾਹਿਤ ਕੀਤਾ। ਬਿਨਾਂ ਕਿਸੇ ਰਸਮੀ ਸਿਖਲਾਈ ਦੇ ਉਸ ਨੇ ਖੇਤਾਂ 'ਚ ਲੱਕੜ ਦੇ ਬਰਛੇ ਨਾਲ ਅਭਿਆਸ ਕੀਤਾ। ਇਸ ਦੌਰਾਨ ਉਸ ਦੇ ਭਰਾ ਨੇ ਉਸ ਦੀ ਤਕਨੀਕ ਨੂੰ ਬਿਹਤਰ ਬਣਾਉਣ ਵਿਚ ਉਸ ਦੀ ਮਦਦ ਕੀਤੀ। ਉਸ ਦੀ ਸਖ਼ਤ ਮਿਹਨਤ ਤੇ ਲਗਨ ਨੇ ਉਸ ਨੂੰ 2014 'ਚ ਆਪਣਾ ਪਹਿਲਾ ਰਾਸ਼ਟਰੀ ਰਿਕਾਰਡ ਤੋੜਨ ਵਿਚ ਮਦਦ ਕੀਤੀ, ਜਦੋਂ ਉਸ ਨੇ ਫੈਡਰੇਸ਼ਨ ਕੱਪ 'ਚ 58.83 ਮੀਟਰ 'ਤੇ ਜੈਵਲਿਨ ਸੁੱਟਿਆ। ਫਿਰ 2014 ਦੀਆਂ ਏਸ਼ੀਅਨ ਖੇਡਾਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। 2019 'ਚ ਅਨੂ ਰਾਣੀ ਨੇ ਦੋਹਾ ਵਿਖੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ 62.43 ਮੀਟਰ ਦੇ ਥ੍ਰੋਅ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਤੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਸ ਨੇ ਸਾਬਤ ਕੀਤਾ ਕਿ ਜੇ ਕਿਸੇ ਵਿਅਕਤੀ 'ਚ ਜਨੂੰਨ ਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਕੋਈ ਵੀ ਟੀਚਾ ਪ੍ਰਾਪਤ ਕਰਨਾ ਅਸੰਭਵ ਨਹੀਂ ਹੁੰਦਾ। ਅਨੂ ਇਕ ਮੋਹਰੀ ਭਾਰਤੀ ਜੈਵਲਿਨ ਥ੍ਰੋਅਰ ਹੈ, ਜਿਸ ਦੀਆਂ ਖੇਡ ਪ੍ਰਾਪਤੀਆਂ ਮਹੱਤਵਪੂਰਨ ਹਨ। ਉਸ ਕੋਲ 63.82 ਮੀਟਰ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਮਹਿਲਾ ਜੈਵਲਿਨ ਥ੍ਰੋਅ ਵਿਚ ਰਾਸ਼ਟਰੀ ਰਿਕਾਰਡ ਹੈ। ਉਸ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿਚ ਕਾਂਸੀ ਦਾ ਤਗਮਾ ਜਿੱਤਿਆ, ਜਿਸ ਨਾਲ ਉਹ ਇਹ ਉਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਜੈਵਲਿਨ ਥ੍ਰੋਅਰ ਮਹਿਲਾ ਬਣੀ। 2023 'ਚ ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ 'ਚ ਉਹ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ। 2019 ਵਿਚ ਉਹ ਮਹਿਲਾ ਜੈਵਲਿਨ ਥ੍ਰੋਅ 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਸ ਨੇ ਟੋਕੀਓ 2020 ਸਮੇਤ ਉਲੰਪਿਕ ਖੇਡਾਂ 'ਚ ਹਿੱਸਾ ਲਿਆ ਤੇ ਪੈਰਿਸ 2024 ਲਈ ਕੁਆਲੀਫਾਈ ਕੀਤਾ। 2024 'ਚ ਉਸ ਨੂੰ 'ਅਰਜੁਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਉਸ ਨੇ 2020 'ਚ ਅਥਲੈਟਿਕਸ ਵਿਚ 'ਸਪੋਰਟਸਟਾਰ ਏਸੇਸ ਸਪੋਰਟਸ ਵਿਮੈਨ ਆਫ ਦਿ ਈਅਰ' ਪੁਰਸਕਾਰ ਜਿੱਤਿਆ। ਉਹ ਉੱਤਰ ਪ੍ਰਦੇਸ਼ ਪੁਲਿਸ ਵਿਚ ਡੀ.ਐਸ.ਪੀ. ਵਜੋਂ ਵੀ ਸੇਵਾ ਨਿਭਾਅ ਰਹੀ ਹੈ। ਅਨੂ ਨੇ 8 ਵਾਰ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਕੀਤਾ ਹੈ। ਉਸ ਨੇ 2014 'ਚ 58.83 ਮੀਟਰ ਦੀ ਥ੍ਰੋਅ ਨਾਲ ਪਹਿਲਾ ਰਾਸ਼ਟਰੀ ਰਿਕਾਰਡ ਬਣਾਇਆ। ਇਸ ਤੋਂ ਬਾਅਦ 2016 'ਚ 60.01 ਮੀਟਰ, 2019 ਵਿਚ ਫੈਡਰੇਸ਼ਨ ਕੱਪ 'ਚ 62.34 ਮੀਟਰ, 2019 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ 62.43 ਮੀਟਰ, 2021 ਵਿਚ 63.24 ਮੀਟਰ, 2022 'ਚ ਇੰਡੀਅਨ ਓਪਨ ਜੈਵਲਿਨ ਥ੍ਰੋਅ ਵਿਚ 63.82 ਮੀਟਰ ਅਤੇ 2023 ਵਿਚ ਹਾਂਗਜ਼ੂ ਏਸ਼ੀਅਨ ਖੇਡਾਂ 'ਚ 62.92 ਮੀਟਰ ਥ੍ਰੋਅ ਕਰਕੇ ਰਾਸ਼ਟਰੀ ਰਿਕਾਰਡ ਬਣਾਇਆ।

-ਸਰਕਾਰੀ ਹਾਈ ਸਕੂਲ ਤਲਵੰਡੀ ਭਾਰਥ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 95926-06444

ਪਿਛਲੀ ਖ਼ਬਰ ਚਿੰਤਨ ਸ਼ਿਵਰ : ਵਿਸ਼ਵਵਿਆਪੀ ਖੇਡ ਸ਼ਕਤੀ ਬਣਨ ਦਾ ਰੋਡਮੈਪ ਅਗਲੀ ਖ਼ਬਰ 19-05-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।