ਨਥਾਣਾ, 11 ਜੂਨ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਦੇ ਚੋਣ ਨਤੀਜਿਆਂ ਨੇ ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਪਿਛਲੇ ਸਫ਼ਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਉਥੇ ਇਨ੍ਹਾਂ ਚੋਣਾਂ ਦੇ ਮੈਦਾਨ ਵਿਚ ਆਪੋ-ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਵਾਲੀਆਂ ਵੱਖ ਵੱਖ ਰਾਜਸੀ ਪਾਰਟੀਆਂ ਨੂੰ ਮੌਜੂਦਾ ਸਥਿਤੀ ਅਨੁਸਾਰ ਫਤਵਾ ਦੇ ਕੇ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਉਨ੍ਹਾਂ ਦੀ ਸਿਆਸੀ ਮਾਲਕੀ ਦਾ ਚਾਰ ਸਾਲਾ ਪੇਸ਼ ਕੀਤਾ ਹੈ | ਚੋਣ ਨਤੀਜਿਆਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੀਆਂ ਨਗਰ ਪੰਚਾਇਤ ਚੋਣਾਂ ਦੌਰਾਨ ਜਿਹੜੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਨੂੰ ਇਸ ਵਾਰ ਜਿੱਤ ਹਾਸਿਲ ਹੋਈ ਹੈ | ਦੁਬਾਰਾ ਚੋਣ ਲੜਨ ਵਾਲੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਿੱਤ ਨਸੀਬ ਨਹੀਂ ਹੋ ਸਕੀ ਸਿਰਫ਼ ਇੱਕੋ ਉਮੀਦਵਾਰ ਵਾਰਡ ਨੰਬਰ 9 ਤੋਂ ਅਕਾਲੀ ਉਮੀਦਵਾਰ ਸਿਮਰਜੀਤ ਕੌਰ ਹੀ ਦੂਜੀ ਵਾਰ ਜਿੱਤ ਹਾਸਲ ਕਰ ਸਕੇ ਹਨ | ਪਿਛਲੀਆਂ ਚੋਣਾਂ ਦੌਰਾਨ ਇਕ ਵੋਟ 'ਤੇ ਹਾਰ ਦਾ ਸਾਹਮਣਾ ਕਰਨ ਵਾਲੇ ਉਮੀਦਵਾਰ ਰਾਜਿੰਦਰ ਸਿੰਘ ਚਰਨਾ ਨੂੰ ਇਸ ਵਾਰ ਸਫ਼ਲਤਾ ਹਾਸਲ ਹੋਈ ਹੈ | ਨਗਰ ਨਥਾਣਾ ਦੇ ਵੋਟਰਾਂ ਨੇ ਇਸ ਵਾਰ ਭਾਵੇਂ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਹੈ ਪਰ ਚੋਣ ਜਿੱਤਣ ਵਾਲੇ ਜ਼ਿਆਦਾ ਉਮੀਦਵਾਰ ਦੁਕਾਨਦਾਰੀ ਕਿੱਤੇ ਨਾਲ ਸਬੰਧਿਤ ਹਨ | ਨਗਰ ਨਥਾਣਾ ਵਿਚ ਵਾਰਡ 6 ਦਾ ਮੁਕਾਬਲਾ ਸਭ ਤੋਂ ਸਖਤ ਸੀ, ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੈਦਾਨ ਵਿਚ ਉਤਾਰੇ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਉਮੀਦਵਾਰ ਕੁਲਦੀਪ ਰਾਏ ਦੀਪਾ ਸਨ, ਜਿੱਥੇ ਸਿਰਫ਼ ਦੋ ਵੋਟਾਂ ਤੇ ਅਕਾਲੀ ਉਮੀਦਵਾਰ ਚੋਣ ਜਿੱਤੇ ਸਨ | ਜ਼ਿਕਰਯੋਗ ਹੈ ਕਿ ਸੰਨ 1972 ਤੋਂ ਬਾਅਦ ਪਹਿਲੀ ਵਾਰ ਸਥਾਨਕ ਪੰਚਾਇਤ ਵਿਚ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਉਮੀਦਵਾਰ ਚੁਣਿਆ ਗਿਆ ਹੈ, ਅਜਿਹਾ ਹੋਣ ਕਰਕੇ ਚੋਣਾਂ ਦੌਰਾਨ ਨਿਰਪੱਖ ਰਹਿਣ ਵਾਲੇ ਇਸ ਭਾਈਚਾਰੇ ਵਲੋਂ ਐਤਕੀ ਸਥਾਨਕ ਚੋਣਾਂ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਗਈ | ਉਮੀਦਵਾਰਾਂ ਦੀ ਨਿੱਜੀ ਪਛਾਣ ਤੋਂ ਇਲਾਵਾ ਰਾਜਸੀ ਪਾਰਟੀਆਂ ਲਈ ਜਨਤਕ ਤਰਜੀਹ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿਚ ਭਾਰੂ ਰਹੀ, ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 6 ਵਾਰਡਾਂ ਵਿਚ, ਆਮ ਆਦਮੀ ਪਾਰਟੀ ਨੂੰ ਦੋ ਵਾਰਡਾਂ ਵਿਚ ਅਤੇ ਆਜ਼ਾਦ ਉਮੀਦਵਾਰਾਂ ਨੂੰ ਤਿੰਨ ਵਾਰਡਾਂ ਵਿਚ ਸਫ਼ਲਤਾ ਮਿਲੀ ਹੈ, ਜਦੋਂਕਿ ਕਾਂਗਰਸ ਪਾਰਟੀ ਦਾ ਇੱਥੇ ਖਾਤਾ ਵੀ ਨਹੀਂ ਖੁੱਲ ਸਕਿਆ | ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 40:76 ਫੀਸਦੀ ਵੋਟਾਂ ਮਿਲੀਆਂ ਹਨ, ਆਮ ਆਦਮੀ ਪਾਰਟੀ ਨੂੰ 25:50 ਫੀਸਦੀ ਵੋਟਾਂ ਅਤੇ ਕਾਂਗਰਸ ਪਾਰਟੀ ਨੂੰ ਸਿਰਫ 18:11 ਫੀਸਦੀ ਵੋਟਾਂ ਨਾਲ ਹੀ ਸਬਰ ਕਰਨਾ ਪਿਆ ਹੈ | ਨਥਾਣਾ ਵਾਸੀਆਂ ਦੇ ਗਿਲੇ ਸ਼ਿਕਵੇ ਤਾਂ ਭਾਵੇਂ ਸਾਰੀਆਂ ਰਾਜਸੀ ਪਾਰਟੀਆਂ ਦੇ ਨਾਲ ਹੀ ਹਨ ਪਰ ਕਾਂਗਰਸ ਦੇ ਰਾਜਕਾਲ ਦੌਰਾਨ ਕਾਂਗਰਸ ਪਾਰਟੀ ਦਾ ਹੀ ਹਲਕਾ ਵਿਧਾਇਕ ਹੁੰਦਿਆਂ ਇੱਥੋਂ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦਾ ਬਲਾਕ ਦਫ਼ਤਰ ਇਥੋਂ ਚੁੱਕੇ ਜਾਣ ਸਦਕਾ ਕਾਂਗਰਸ ਪਾਰਟੀ ਦੀ ਲੋਕਾਂ ਤੋਂ ਬਣੀ ਦੂਰੀ ਅਜੇ ਵੀ ਜਿਉਂ ਦੀ ਤਿਉਂ ਨਜ਼ਰ ਆਈ ਹੈ, ਇਸ ਤੋਂ ਇਲਾਵਾ ਵੋਟਰਾਂ ਵਲੋਂ ਤਿੰਨਾਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸਥਾਨਕ ਪੱਧਰ 'ਤੇ ਰਹੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਵੀ ਵਾਚਿਆ ਗਿਆ ਹੈ | ਇਨ੍ਹਾਂ ਸ਼ਹਿਰੀ ਚੋਣ ਨਤੀਜਿਆਂ ਦੇ ਮੱਦੇਨਜ਼ਰ ਵਿਧਾਨ ਸਭਾ ਚੋਣਾਂ 2027 ਲਈ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਹੋਣ ਦੀ ਸੰਭਾਵਨਾ ਵੇਖਣ ਨੂੰ ਮਿਲ ਰਹੀ ਹੈ |