ਸੀਂਗੋ ਮੰਡੀ, 16 ਜੂਨ (ਲਕਵਿੰਦਰ ਸ਼ਰਮਾ)- ਦੇਰ ਸ਼ਾਮ ਪਿੰਡ ਨਥੇਹਾ ਦੇ ਪੈਟਰੋਲ ਪੰਪ ਲਾਗੇ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਦੌਰਾਨ ਮੇਲਿਆਂ 'ਚ ਬਾਜ਼ਾਰ ਲਗਾਉਣ ਵਾਲੇ ਵਣਜਾਰੇ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕੇਵਲ ਸਿੰਘ (61) ਪੁੱਤਰ ਕਰਤਾਰ ਸਿੰਘ ਵਾਸੀ ਨਥੇਹਾ ਨੰਗਲਾ ਵਜੋਂ ਹੋਈ ਹੈ | ਜਿਸ ਕਰਕੇ ਪਿੰਡ ਨੰਗਲਾ 'ਚ ਸੋਗ ਦੀ ਲਹਿਰ ਫੈਲ ਗਈ ਹੈ | ਇਸ ਸੰਬੰਧੀ ਪਿੰਡ ਨੰਗਲਾ ਦੀ ਭਾਜਪਾ ਸਰਕਲ ਪ੍ਰਧਾਨ ਇਕਬਾਲ ਸਿੰਘ ਨੰਗਲਾ ਨੇ ਦੱਸਿਆ ਕਿ ਕੇਵਲ ਸਿੰਘ ਆਪਣੇ ਪਿੰਡੋਂ ਕਿਸੇ ਘਰੇਲੂ ਕੰਮ ਲਈ ਆਪਣੇ ਮੋਟਰਸਾਈਕਲ 'ਤੇ ਸੂਰਤੀਆ ਨੂੰ ਜਾ ਰਿਹਾ ਸੀ, ਜਦੋਂ ਉਹ ਘਟਨਾ ਸਥਾਨ 'ਤੇ ਆਇਆ ਤੇ ਅੱਗੋਂ ਜਾ ਰਹੇ ਟਰੈਕਟਰ ਤੋਂ ਸਾਈਡ ਲੈਣ ਲੱਗਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੀ ਲਾਈਟ ਪੈਣ ਨਾਲ ਉਸਦੀ ਟੱਕਰ ਕਾਰ ਨਾਲ ਹੋ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਸੂਚਨਾ ਮਿਲਦੇ ਹੀ ਸੀਂਗੋ ਮੰਡੀ ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਲੈ ਕੇ ਮੌਕੇ 'ਤੇ ਪਹੁੰਚੇ ਤੇ ਪਿੰਡ ਨਥੇਹਾ ਸਰਪੰਚ ਦੇ ਪਤੀ ਸੁਖਪਾਲ ਸਿੰਘ ਦੀ ਮਦਦ ਨਾਲ ਤਲਵੰਡੀ ਸਾਬੋ ਦੀ ਸਹਾਰਾ ਵੈਨ ਰਾਹੀਂ ਵਰਕਰ ਹੈਪੀ ਸਿੰਘ ਨੂੰ ਫ਼ੋਨ ਕਰਕੇ ਗੰਭੀਰ ਜ਼ਖ਼ਮੀ ਹੋਏ ਕੇਵਲ ਸਿੰਘ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਜਿਸ 'ਤੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਬਣਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |