ਮੌੜ ਮੰਡੀ, 16 ਜੂਨ (ਗੁਰਜੀਤ ਸਿੰਘ ਕਮਾਲੂ)-ਬਠਿੰਡਾ ਮਾਨਸਾ ਰੋਡ 'ਤੇ ਸਵੇਰੇ ਤੜਕਸਾਰ ਸਾਢੇ ਚਾਰ ਵਜੇ ਦੇ ਕਰੀਬ ਗਿਆਨ ਗੁਣ ਸਾਗਰ ਸਕੂਲ ਅਤੇ ਗੁਰਦੁਆਰਾ ਸ੍ਰੀ ਤਿੱਤਰ ਸਾਹਿਬ ਦੇ ਗੇਟ ਅੱਗੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮਹਿਲਾ ਪੁਲਿਸ ਥਾਣਾ ਮਾਨਸਾ ਦੀ ਇੰਸਪੈਕਟਰ ਬੇਅੰਤ ਕੌਰ (30) ਦੀ ਮੌਕੇ 'ਤੇ ਮੌਤ ਹੋ ਗਈ | ਇਸ ਦੁਖਦਾਈ ਘਟਨਾ ਨਾਲ ਪੁਲਿਸ ਵਿਭਾਗ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ | ਪੁਲਿਸ ਥਾਣਾ ਕੋਟ ਫੱਤਾ ਵਲੋਂ 174 ਦੀ ਕਾਰਵਾਈ ਕਰਦੇ ਹੋਏ ਮਿ੍ਤਕ ਮਹਿਲਾ ਇੰਸਪੈਕਟਰ ਬੇਅੰਤ ਕੌਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ | ਪਿੰਡ ਮਾਈਸਰਖਾਨਾ ਵਾਸੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿ੍ਤਕ ਇੰਸਪੈਕਟਰ ਬੇਅੰਤ ਕੌਰ (ਪਤਨੀ ਸੁਖਰਾਜ ਸਿੰਘ) ਵਾਸੀ ਮਾਈਸਰਖਾਨਾ ਦੀ ਰਹਿਣ ਵਾਲੀ ਹੈ | ਉਹ 4 ਵਜੇ ਦੇ ਕਰੀਬ ਕਾਰ ਰਾਹੀਂ ਆਪਣੇ ਘਰੋਂ ਮਾਨਸਾ ਡਿਊਟੀ 'ਤੇ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਤਿੱਤਰਸਰ ਸਾਹਿਬ ਕੋਲ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਸੜਕ 'ਤੇ ਅੱਗੇ ਜਾ ਰਹੇ ਇਕ ਟਰੈਕਟਰ ਨੂੰ ਕਰਾਸ ਕਰਦੇ ਹੋਏ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੇ ਅਤੇ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਨਾਲ ਮਹਿਲਾ ਪੁਲਿਸ ਇੰਸਪੈਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪਿੱਛੋਂ ਆ ਰਹੇ ਟਰੈਕਟਰ ਦੇ ਚਾਲਕ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਏ ਟਰੈਕਟਰ ਕਾਰ ਵਿਚ ਵਜਣ ਤੋਂ ਰੋਕਦੇ ਹੋਏ ਟਰੈਕਟਰ ਨੂੰ ਦਰਖਤਾਂ ਵੱਲ ਮੋੜ ਦਿੱਤਾ | ਮਿ੍ਤਕ ਮਹਿਲਾ ਇੰਸਪੈਕਟਰ ਆਪਣੇ ਪਿੱਛੇ ਪਤੀ ਸੁਖਰਾਜ ਸਿੰਘ ਅਤੇ ਡੇਢ ਸਾਲ ਦੇ ਬੇਟੇ ਅਤੇ ਤਿੰਨ ਸਾਲ ਦੀ ਲੜਕੀ ਛੱਡ ਗਈ ਹੈ |