ਬਠਿੰਡਾ, 29 ਜੁਲਾਈ (ਸੱਤਪਾਲ ਸਿੰਘ ਸਿਵੀਆਂ/ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ’ਚ ਸਾਲਾਂ ਤੋਂ ਬੰਦ ਪਏ ਇਕ ਐਨ.ਆਰ.ਆਈ. ਪਰਿਵਾਰ ਦੇ ਘਰ ’ਚੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦੋ ਪੁਰਾਤਨ ਸਰੂਪ ਬਹੁਤ ਹੀ ਬਿਰਧ ਹਾਲਾਤ ’ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਨਹਿੰਗ ਸਿੰਘਾਂ ਨੇ ਪਰਦਾਫਾਸ਼ ਕੀਤਾ ਹੈ। ਇਸ ਘਰ ’ਚੋਂ ਭਾਰੀ ਮਾਤਰਾ ’ਚ ਅਸਲਾ ਵੀ ਮਿਲਿਆ ਹੈ। ਮਾਮਲੇ ਦੀ ਨਾਜੁਕਤਾ ਨੂੰ ਦੇਖਦਿਆਂ ਬਠਿੰਡਾ ਪੁਲਿਸ ਵਲੋਂ ਇਸ ਸਬੰਧੀ ਤੁਰੰਤ ਮਕਾਨ ਮਾਲਕ ’ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਜਦਕਿ ਨਹਿੰਗ ਸਿੰਘਾਂ ਨੇ ਬਿਰਧ ਸਰੂਪਾਂ ਦੀ ਸੇਵਾ ਸੰਭਾਲ ਲਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਪੁੱਜੇ।ਇਸ ਮੌਕੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ 96 ਕਰੋੜੀ (ਤਰਨਾਦਲ) ਦੇ ਨਹਿੰਗ ਸਿੰਘ ਦੇ ਆਗੂ ਬਾਬਾ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਬਠਿੰਡਾ ਦੇ ਮਹਿਣਾ ਚੌਕ ਨਜ਼ਦੀਕ ਸਥਿਤ ਗਲੀ ਸੁੱਚਾ ਸਿੰਘ ਨੰਬਰਦਾਰ ਵਿਚ ਸਥਿਤ ਇਕ ਘਰ ’ਚ ਸਾਲਾਂ ਤੋਂ ਬਹੁਤ ਹੀ ਬਿਰਧ ਹਾਲਾਤ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਕੇ ਰੱਖੇ ਹੋਏ, ਜਿੰਨਾਂ ਦੀ ਕੋਈ ਸੇਵਾ ਸੰਭਾਲ ਨਹੀਂ ਕਰ ਰਿਹਾ ਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਉੱਕਤ ਘਰ ਦੇ ਇਕ ਕਮਰੇ ’ਚ ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ ਪ੍ਰਕਾਸ਼ ਕੀਤਾ ਹੋਇਆ ਮਿਲਿਆ, ਜਿਸ ਦੀ ਹਾਲਤ ਬਹੁਤ ਹੀ ਬਿਰਧ ਹੋ ਚੁੱਕੀ ਹੈ ਤੇ ਅੰਗ ਫਟ ਚੁੱਕੇ ਹਨ, ਜਿੰਨਾਂ ਉੱਪਰ ਟੇਪ (ਚੇਪੀ) ਲੱਗੀ ਹੋਈ ਤੇ ਇਕ ਲੜੀਵਾਰ ਸਰੂਪ ਸੁੱਖ ਆਸਣ ਕੀਤਾ ਹੋਇਆ ਬਿਰਧ ਹਾਲਤ ਵਿਚ ਮਿਲਿਆ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਕਾਸ਼ ਕੀਤੇ ਹੋਏ ਸਰੂਪ ਨਜ਼ਦੀਕ ਪਈ ਪੇਟੀ ਖੋਲੀ ਗਈ ਤਾਂ ਉਸ ਵਿਚੋਂ ਦੋ ਰਾਈਫਲਾਂ, 1 ਕਾਰਬਾਇਨ ਤੇ 2 ਪਿਸਟਲ ਮਿਲੇ, ਜੋ ਉਨ੍ਹਾਂ ਤੁਰੰਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਉੱਕਤ ਪਰਿਵਾਰਾਂ ਸਾਲਾਂ ਤੋਂ ਵਿਦੇਸ਼ ‘ਚ ਰਹਿ ਰਿਹਾ ਤੇ ਇਨ੍ਹਾਂ ਸਰੂਪਾਂ ਦੀ ਸੇਵਾ ਸੰਭਾਲ ਦਾ ਜਿੰਮਾਂ ਇਕ ਕਿਰਾਏ ‘ਤੇ ਰੱਖੇ ਵਿਅਕਤੀ ਨੂੰ ਦਿੱਤਾ ਗਿਆ ਸੀ ਤੇ ਅਜਿਹਾ ਕਰਕੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਲਈ ਤੁਰੰਤ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਸੰਬੰਧੀ ਘਟਨਾ ਸਥਾਨ ’ਤੇ ਮੌਜੂਦ ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਉੱਕਤ ਘਰ ’ਤੇ ਐਡਵੋਕੇਟ ਹਰਜੀਤ ਸਿੰਘ ਗਿੱਲ ਦੇ ਨਾਂਅ ਦੀ ਤਖ਼ਤੀ ਲੱਗੀ ਹੋਈ ਹੈ ਤੇ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਪਰਿਵਾਰ ਕਰੀਬ 1995 ਤੋਂ ਵਿਦੇਸ਼ ਗਿਆ ਹੋਇਆ ਤੇ ਘਰ ’ਚ ਕੋਈ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਜਾਗਰ ਕਰਨ ਵਾਲੇ ਨਹਿੰਗ ਸਿੰਘ ਬਾਬਾ ਖੁਸ਼ਪ੍ਰੀਤ ਸਿੰਘ ਦੇ ਬਿਆਨ ਉਪਰ ਉੱਕਤ ਨਾਂਅ ਦੀ ਤਖ਼ਤੀ ਵਾਲੇ ਵਿਅਕਤੀ ‘ਤੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।