ਆਮ ਆਦਮੀ ਪਾਰਟੀ ਧੱਕੇ ਨਾਲ ਚੋਣਾਂ ਲੁੱਟਣਾ ਚਾਹੁੰਦੀ- ਰਾਜਨ ਗਰਗ
ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਗਰ ਨਿਗਮ ਚੋਣਾਂ 'ਚ ਹਿੱਸਾ ਲੈਣ ਵਾਲੇ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਾਂਗਰਸ ਪਾਰਟੀ ਵਲੋਂ ਡੀ.ਸੀ. ਦਫ਼ਤਰ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉਪਰੰਤ ਡੀ.ਸੀ. ਨੂੰ ਮੰਗ-ਪੱਤਰ ਸੌਂਪਿਆ ਗਿਆ | ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਬਠਿੰਡਾ ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਨੰਬਰ 44 ਤੋਂ ਜਿੱਤਣ ਵਾਲੇ ਉਮੀਦਵਾਰ ਅਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਵਾਰਡ ਨੰਬਰ 46 ਤੋਂ ਇੰਜ਼. ਰਾਜਨਦੀਪ ਸਿੰਘ, ਵਾਰਡ ਨੰਬਰ 39 ਤੋਂ ਪਰਮਜੀਤ ਕੌਰ, ਵਾਰਡ ਨੰਬਰ 38 ਤੋਂ ਜਗਦੀਸ਼ ਸ਼ਰਮਾ, ਵਾਰਡ ਨੰਬਰ 17 ਤੋਂ ਨੇਹਾ ਵਰਮਾ ਅਤੇ ਵਾਰਡ ਨੰਬਰ 41 ਤੋਂ ਨੀਲਮ ਧੀਰ ਦੇ ਕਾਗ਼ਜ਼ ਬਿੰਨ੍ਹਾਂ ਕਿਸੇ ਕਾਰਨ ਦੇ ਰੱਦ ਕੀਤੇ ਗਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਧੱਕੇ ਨਾਲ ਕਾਗ਼ਜ਼ ਰੱਦ ਕਰਕੇ ਚੋਣਾਂ ਲੁੱਟਣਾ ਚਾਹੁੰਦੀ ਹੈ | ਰਾਜਨ ਗਰਗ ਨੇ ਕਿ ਦੱਸਿਆ ਇਸ ਧੱਕੇਸ਼ਾਹੀ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ ਅਤੇ ਸਬੰਧਿਤ ਅਫ਼ਸਰਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ, ਜਿਸ ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਸੰਬੰਧਿਤ ਚੋਣ ਅਧਿਕਾਰੀ ਨੂੰ ਬੁਲਾ ਕੇ ਡਿਊਟੀ ਲਗਾਈ ਗਈ ਹੈ | ਇਸ ਮੌਕੇ ਸਾਬਕਾ ਮੇਅਰ ਅਸ਼ੋਕ ਕੁਮਾਰ ਤੇ ਬਲਵੰਤ ਰਾਏ ਨਾਥ, ਬਲਾਕ ਪ੍ਰਧਾਨ ਮਾਧਵ ਸ਼ਰਮਾ, ਜਗਰਾਜ ਸਿੰਘ, ਨਰੇਸ਼ ਗਰਗ, ਸੰਦੀਪ ਬੌਬੀ, ਹਰਵਿੰਦਰ ਸਿੰਘ ਲੱਡੂ, ਗੁਰਵਿੰਦਰ ਚਹਿਲ, ਦੁਪਿੰਦਰ ਮਿਸ਼ਰਾ, ਰਮਨਦੀਪ ਸਿੰਘ ਢਿੱਲੋਂ, ਨਰਿੰਦਰ ਸਿੰਘ ਸਿੱਧੂ ਗਾਂਧੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੈੱਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |
ਕਾਂਗਰਸ ਪਾਰਟੀ ਦੇ ਅੱਧੀ ਦਰਜਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਵਿਰੁੱਧ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
20-05-2026