31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡਿਪਟੀ ਕਮਿਸ਼ਨਰ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨਾਲ ਮੁਲਾਕਾਤ

ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਵਾਲੇ ਬਠਿੰਡਾ ਦੇ ਚਾਰ ਖਿਡਾਰੀਆਂ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹਾਲ ਹੀ ਵਿਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ 87 ਵਿਸ਼ੇਸ਼ ਖਿਡਾਰੀਆਂ ਨੂੰ ਇਹ ਐਵਾਰਡ ਦਿੱਤੇ ਸਨ | ਖਿਡਾਰੀਆਂ ਅਵਨੀਤ ਕੌਰ, ਹਰਸ਼ਦੀਪ ਸਿੰਘ, ਅਵਤਾਰ ਸਿੰਘ ਅਤੇ ਮਨਪ੍ਰੀਤ ਕੌਰ ਨਾਲ ਗੱਲਬਾਤ ਕਰਦਿਆਂ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਬਠਿੰਡਾ ਦਾ ਨਾਂਅ ਰੌਸ਼ਨ ਕਰਨ ਲਈ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ, ਜਿਸ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਮੁੱਖ ਧਿਆਨ ਨੌਜਵਾਨ ਪੀੜ੍ਹੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਉੱਤੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ | ਖੇਡਾਂ ਦੇ ਖੇਤਰ ਵਿਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ, ਖੇਡਾਂ ਵਤਨ ਪੰਜਾਬ ਦੀਆਂ ਵਰਗੇ ਵੱਡੇ ਖੇਡ ਸਮਾਗਮ ਕਰਵਾ ਰਹੀ ਹੈ ਅਤੇ ਨਾਲ ਹੀ ਖਿਡਾਰੀਆਂ ਨੂੰ ਨੌਕਰੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕਰ ਰਹੀ ਹੈ | ਪੰਜਾਬ ਜਲਦ ਹੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਕਰੇਗਾ | ਅੰਤਰਰਾਸ਼ਟਰੀ ਖਿਡਾਰੀਆਂ ਵਿਚ ਪਿੰਡ ਸਰਦਾਰਗੜ੍ਹ ਦੀ ਤੀਰਅੰਦਾਜ਼ੀ ਖਿਡਾਰਨ ਅਵਨੀਤ ਕੌਰ, ਲਾਲ ਸਿੰਘ ਨਗਰ ਬਠਿੰਡਾ ਦੇ ਜੂਡੋ ਖਿਡਾਰੀ ਹਰਸ਼ਦੀਪ ਸਿੰਘ, ਸੰਗਤ ਮੰਡੀ ਦੇ ਵਾਟਰ ਸਪੋਰਟਸ (ਕਾਇਆਕਿੰਗ ਅਤੇ ਕੈਨੋਇੰਗ) ਖਿਡਾਰੀ ਅਵਤਾਰ ਸਿੰਘ ਅਤੇ ਪਿੰਡ ਬਾਂਡੀ ਦੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ | ਇਸ ਤੋਂ ਇਲਾਵਾ ਵਾਟਰ ਸਪੋਰਟਸ-ਰੋਇੰਗ ਦੇ ਅੰਤਰਰਾਸ਼ਟਰੀ ਖਿਡਾਰੀ ਪਿੰਡ ਨੰਗਲਾ ਦੇ ਚਰਨਜੀਤ ਸਿੰਘ ਅਤੇ ਪਿੰਡ ਲਾਲੇਆਣਾ ਦੇ ਜਸਵੀਰ ਸਿੰਘ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਦੋਵੇਂ ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਲਈ ਸੂਬੇ ਤੋਂ ਬਾਹਰ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵੀ ਮੌਜੂਦ ਸਨ |
ਪਿਛਲੀ ਖ਼ਬਰ ਵਿਭਾਗ ਵਿਚ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰੇ ਮੈਨੇਜਮੈਂਟ - ਕਮੇਟੀ ਆਗੂ <br/> ਪਾਵਰ ਕਾਰਪੋਰੇਸ਼ਨ ਦੇ ਆਊਟਸ... ਅਗਲੀ ਖ਼ਬਰ ਪੁਰਸ਼ੋਤਮ ਮਾਸ ਵਿਚ ਗੀਤਾ ਭਵਨ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਸ਼ੁਭ ਆਰੰਭ •ਵੈਦਿਕ ਮੰਤਰਾਂ ਨਾਲ ਗੂੰਜਿਆ ਪ੍ਰੰਗਣ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।