ਸਰਕਾਰੀ ਕੰਨਿਆ ਸਕੂਲ 'ਚ ਅਧਿਆਪਕ ਸੈਮੀਨਾਰ 'ਤੇ ਗਏ ਹੋਣ ਕਾਰਨ ਬੱਚੇ ਆਪਣੇ ਤੌਰ 'ਤੇ ਕਰ ਰਹੇ ਨੇ ਪੜ੍ਹਾਈ
ਅਜੀਤ ਡੈਸਕ
20-02-2026
ਮਾਛੀਵਾੜਾ ਸਾਹਿਬ, 19 ਫਰਵਰੀ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਕੁੱਝ ਹੀ ਦਿਨਾਂ ਬਾਅਦ ਸਰਕਾਰੀ ਸਕੂਲਾਂ ਵਿਚ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ ਜਿਸ ਕਾਰਨ ਬੱਚਿਆਂ ਨੂੰ ਸਿਲੇਬਸ ਮੁਕੰਮਲ ਕਰਵਾਉਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਪਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਸਰਕਾਰ ਵਲੋਂ ਬੱਚਿਆਂ ਦੀ ਪੜ੍ਹਾਈ ਛੁਡਵਾ ਅਧਿਆਪਕਾਂ ਨੂੰ ਸੈਮੀਨਾਰਾਂ 'ਤੇ ਭੇਜਣਾ ਜ਼ਰੂਰੀ ਸਮਝਿਆ ਗਿਆ | ਜਾਣਕਾਰੀ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਕਰੀਬ 900 ਵਿਦਿਆਰਥਣਾਂ ਹਨ ਜਿਨ੍ਹਾਂ ਨੂੰ ਪੜ੍ਹਾਉਣ ਲਈ ਕੇਵਲ 31 ਅਧਿਆਪਕ ਤੇ ਲੈਕਚਰਾਰ ਤਾਇਨਾਤ ਹਨ | ਜਦਕਿ ਕੁੱਝ ਕੁ ਪੋਸਟਾਂ ਖਾਲੀ ਪਈਆਂ ਹਨ | ਇਨ੍ਹਾਂ 31 ਅਧਿਆਪਕਾਂ 'ਚੋਂ 13 ਅਧਿਆਪਕਾਂ ਦੀ ਡਿਊਟੀ ਸਰਕਾਰ ਨੇ ਸੈਮੀਨਾਰ ਵਿਚ ਲਗਾ ਦਿੱਤੀ ਹੈ | ਜਦਕਿ ਬੋਰਡ ਪ੍ਰੀਖਿਆ ਕੇਂਦਰ ਵਿਚ 8 ਅਧਿਆਪਕਾਂ ਦੀ ਡਿਊਟੀ ਲੱਗੀ ਹੋਈ ਹੈ | ਇਸੇ ਤਰ੍ਹਾਂ ਇੱਕ ਅਧਿਆਪਕ ਐੈੱਸ. ਡੀ. ਐੈੱਮ. ਦਫ਼ਤਰ 'ਚ ਬੀ. ਐੈੱਲ. ਓ. ਵਜੋਂ ਡਿਊਟੀ ਨਿਭਾ ਰਿਹਾ ਹੈ, ਜਦਕਿ 4 ਅਧਿਆਪਕ ਛੁੱਟੀ 'ਤੇ ਹਨ | ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਸਕੂਲ ਵਿਚ ਮੌਜੂਦ 5 ਅਧਿਆਪਕ ਸੈਂਕੜੇ ਬੱਚਿਆਂ ਨੂੰ ਕਿਵੇਂ ਪੜ੍ਹਾ ਸਕਣਗੇ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਹੋਰ ਰਹੇ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ | ਅੱਜ ਜਦੋਂ ਪੱਤਰਕਾਰਾਂ ਵਲੋਂ ਦੇਖਿਆ ਗਿਆ ਕਿ ਕਲਾਸਾਂ ਵਿਚ ਵਿਦਿਆਰਥੀ ਬਿਨਾਂ ਅਧਿਆਪਕਾਂ ਤੋਂ ਆਪਣੇ ਤੌਰ 'ਤੇ ਬੇਸ਼ੱਕ ਪੜ੍ਹਾਈ ਕਰਨ ਲੱਗੇ ਹੋਏ ਸਨ ਪਰ ਪ੍ਰੀਖਿਆਵਾਂ ਸਿਰ 'ਤੇ ਹੋਣ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ ਅਧਿਆਪਕ ਮੌਜੂਦ ਨਾ ਹੋਣ ਤਾਂ ਫਿਰ ਨਤੀਜੇ ਵਧੀਆ ਕਿਵੇਂ ਆ ਸਕਣਗੇ | ਅੱਜ ਸਕੂਲ ਇੰਚਾਰਜ ਮਨਦੀਪ ਕੌਰ ਨੇ ਦੱਸਿਆ ਕਿ ਸਾਡੇ ਸਰਕਾਰੀ ਕੰਨਿਆ ਸਕੂਲ ਵਿਚ ਅਧਿਆਪਕਾਂ ਦੀ ਪਹਿਲਾਂ ਹੀ ਘਾਟ ਹੈ ਅਤੇ ਜੋ ਤਾਇਨਾਤ ਹਨ ਉਨ੍ਹਾਂ ਦੀ ਡਿਊਟੀ ਸੈਮੀਨਾਰ ਵਿਚ ਲਗਾਈ ਗਈ ਹੈ, ਜਿੱਥੇ ਜਾਣਾ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦਾ ਸਮੂਹ ਸਟਾਫ਼ ਘਾਟ ਦੇ ਬਾਵਜੂਦ ਵੀ ਬੱਚਿਆਂ ਨੂੰ ਪੜ੍ਹਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ ਤਾਂ ਜੋ ਉਨ੍ਹਾਂ ਦਾ ਭਵਿੱਖ ਉੱਜਵਲ ਬਣ ਸਕੇ |