ਹੰਬੜਾਂ, 19 ਫਰਵਰੀ (ਮੇਜਰ ਹੰਬੜਾਂ)-ਲੋਕਾਂ ਨੂੰ ਰੇਤਾ, ਬਜਰੀ ਬਹੁਤ ਘੱਟ ਰੇਟਾਂ ਨਾਲ ਦਿੱਤੇ ਜਾਣ ਅਤੇ ਰੇਤ ਬਜ਼ਰੀ ਦੀ ਕਾਲਾ ਬਜ਼ਾਰੀ ਰੋੋਕ ਜਾਣ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਖੁਦ ਕਰੋੜਾਂ ਰੁਪਏ ਵਿਚ ਰੇਤਾ ਵੇਚਕੇ ਨਾਜਾਇਜ਼ ਮਾਈਨਿੰਗ ਕਰਵਾਕੇ ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਨੂੰ ਡੋਬਣ ਦੀ ਤਿਆਰੀ ਕਰ ਰਹੀ ਹੈ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਨੇ ਅੱਜ ਪਿੰਡ ਖਹਿਰਾ ਬੇਟ ਵਿਖੇ ਮਾਈਨਿੰਗ ਵਿਰੁੱਧ ਚੱਲ ਰਹੇ ਪੱਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਕੈਪਟਨ ਸੰਧੂ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਬੰਨ੍ਹ ਕਮਜ਼ੋਰ ਹੈ ਉਸੇ ਜਗ੍ਹਾ 'ਤੇ ਮਾਈਨਿੰਗ ਦੀ ਮਨਜ਼ੂਰੀ ਦਿੱਤੇ ਜਾਣ ਨਾਲ ਸਰਕਾਰ ਅਤੇ ਪ੍ਰਸ਼ਾਸਨ ਸ਼ੱਕ ਦੇ ਘੇਰੇ ਵਿਚ ਹਨ ਕਿਉਂਕਿ ਜਿੱਥੇ ਹਰੇਕ ਸਾਲ ਬੰਨ੍ਹ ਟੁੱਟਣ ਵਰਗੀਆਂ ਘਟਨਾਵਾਂ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਉਸੇ ਜਗ੍ਹਾ 'ਤੇ ਬੰਨ੍ਹ ਮਜ਼ਬੂਤ ਕਰਨ ਦੀ ਬਜਾਏ ਉੱਥੇ ਮਾਈਨਿੰਗ ਕੀਤੇ ਜਾਣਾ ਦਾਲ ਵਿਚ ਕਾਲਾ ਹੈ, ਜਿਸ ਦਾ ਹਿਸਾਬ ਸੂਬੇ ਵਿਚ ਕਾਂਗਰਸ ਸਰਕਾਰ ਆਉਣ 'ਤੇ ਲਿਆ ਜਾਵੇਗਾ | ਇੱਥੇ ਮਾਈਨਿੰਗ ਅਧਿਕਾਰੀਆਂ ਦੀ ਟੀਮ ਨੂੰ ਕੈਪਟਨ ਸੰਧੂ ਵਲੋਂ ਲੋਕਾਂ ਸਾਹਮਣੇ ਸਵਾਲ ਕੀਤੇ ਗਏ ਪਰ ਉਹ ਕਿਸੇ ਵੀ ਸਵਾਲ ਦਾ ਜੁਆਬ ਨਹੀਂ ਦੇ ਸਕੇ ਤੇ ਉਨ੍ਹਾਂ ਨੇ ਉੱਥੋਂ ਕੰਨੀ ਕਤਰਾਕੇ ਭੱਜਣ 'ਚ ਭਲਾ ਸਮਝਿਆ | ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ ਨੇ ਦੋਸ਼ ਲਗਾਏ ਕਿ ਖਹਿਰਾ ਬੇਟ, ਤਲਵੰਡੀ ਨੌ ਅਬਾਦ, ਵਲੀਪੁਰ 'ਚ ਚੱਲਣ ਵਾਲੀ ਰੇਤੇ ਦੀ ਖੱਡ ਨਾਜਾਇਜ਼ ਚਲਾਈ ਜਾ ਰਹੀ ਹੈ ਤੇ ਰੋਜ਼ਾਨਾਂ ਕਰੋੜਾਂ ਰੁਪਏ ਰੇਤ ਮਾਫੀਏ ਦੀ ਨਿੱਜੀ ਜੇਬ੍ਹ 'ਚ ਜਾ ਰਹੇ ਹਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਕਾਂਗਰਸ ਐੱਸ.ਸੀ ਡਿਪਾਰਟਮੈਂਟ ਦੇ ਲੁਧਿਆਣਾ ਜ਼ਿਲ੍ਹਾ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ ਨੇ ਵੀ ਸੂਬੇ ਦੀ 'ਆਪ' ਸਰਕਾਰ ਤੇ ਪ੍ਰਸ਼ਾਸਨ 'ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਗਾਏ | ਮਾਈਨਿੰਗ ਨੂੰ ਲੈ ਕੇ ਲੱਗੇ ਪੱਕੇ ਮੋਰਚੇ ਦੇ ਆਗੂ ਰਵਿੰਦਰਪਾਲ ਸਿੰਘ ਕਾਮਰੇਡ ਰਾਜੂ, ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਭੁਪਿੰਦਰਪਾਲ ਸਿੰਘ ਚਾਵਲਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ, ਪੰਚ ਗੁਰਦੀਪ ਸਿੰਘ ਨੇ ਕੈਪਟਨ ਸੰਧੂ ਨੂੰ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਦਿੰਦਿਆਂ ਇਥੋਂ ਮਾਈਨਿੰਗ ਨੂੰ ਰੁਕਵਾਏ ਜਾਣ ਦੀ ਮੰਗ ਕੀਤੀ ਤੇ ਮੋਰਚੇ ਦੇ ਹੱਕ 'ਚ ਡੱਟਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਸਰਪੰਚ ਉਜਾਗਰ ਸਿੰਘ ਵਲੀਪੁਰ ਕਲਾਂ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਧਿਆਨ ਸਿੰਘ ਗੌਂਸਪੁਰ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ, ਮੈਂਬਰ ਭਗਵੰਤ ਸਿੰਘ ਹਾਂਸ, ਸਾਬਕਾ ਸਰਪੰਚ ਅਲਬੇਲ ਸਿੰਘ ਘਮਣੇਵਾਲ, ਡਕੌਂਦਾ ਆਗੂ ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਅਤੇ ਬੀਬੀਆਂ ਵੀ ਧਰਨੇ 'ਚ ਮੌਜ਼ੂਦ ਸਨ |