ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿੱਚ ਇੰਸਟਿਟਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਐਨ. ਐਸ. ਐਸ ਯੂਨਿਟ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ 'ਤੇ ਇਕ ਵਿਸ਼ੇਸ਼ ਸੈਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਜਿਗਿਆਸਾ ਨੂੰ ਵਿਕਸਿਤ ਕਰਨਾ ਸੀ | ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਪ੍ਰੋਫੈਸਰ ਸ਼ੀਨਮ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਦੌਰਾਨ ਉਨ੍ਹਾਂ ਨੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਅਤੇ ਇਸ ਪ੍ਰਤੀ ਨੌਜਵਾਨਾਂ ਦੀ ਜ਼ਿੰਮੇਵਾਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਵਿਗਿਆਨਕ ਸੋਚ ਸਿਰਫ਼ ਪ੍ਰਯੋਗਸ਼ਾਲਾ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਇਹ ਸਮਾਜ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਦਾ ਆਧਾਰ ਹੈ | ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਜਿਗਿਆਸਾ, ਖੋਜ ਭਾਵਨਾ ਅਤੇ ਤਰਕਸ਼ੀਲ ਸੋਚ ਨੂੰ ਪ੍ਰੋਤਸਾਹਿਤ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਵਿਗਿਆਨ ਸਿਰਫ਼ ਇਕ ਵਿਸ਼ਾ ਨਹੀਂ, ਬਲਕਿ ਜੀਵਨ ਜੀਊਣ ਦਾ ਇਕ ਨਜ਼ਰੀਆ ਹੈ | ਅੰਤ ਵਿੱਚ ਪ੍ਰੋਫੈਸਰ ਹੀਨਾ ਨੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਸਟਾਫ਼ ਮੈਂਬਰਾਂ ਅਤੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |