ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ ਸਰਕਾਰੀ ਆਈ ਟੀ ਆਈਜ਼ ਵਿੱਚ ਕੰਮ ਕਰਦੇ 700 ਕੱਚੇ ਇੰਸਟਰਕਟਰਾਂ ਨੇ ਮੁੱਖ ਮੰਤਰੀ ਦੀ ਕੋਠੀ ਅਤੇ ਬਾਕੀ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਲਈ ਰੋਡ ਮੈਪ ਤਿਆਰ ਕਰ ਲਿਆ ਹੈ | ਇਹਨਾਂ ਸ਼ਬਦਾਂ ਪ੍ਰਗਟਾਵਾ ਜਥੇਬੰਦੀ ਦੇ ਆਗੂ ਹਰਚਰਨ ਸਿੰਘ ਅਤੇ ਆਸ਼ੀਸ਼ ਵਰਮਾ ਨੇ ਕੀਤਾ | ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤਰਨਤਾਰਨ ਪੱਕੇ ਮੋਰਚੇ ਲਗਾਇਆ ਸੀ, ਫਿਰ ਸੁਨਾਮ ਧਰਨਾ ਦਿੱਤਾ ਅਤੇ ਹੁਣ ਤਕਨੀਕੀ ਸਿੱਖਿਆ ਵਿਭਾਗ ਸੈਕਟਰ 36 ਏ ਚੰਡੀਗੜ੍ਹ ਵਿਖੇ ਮਿਤੀ 22-12-2025 ਤੋਂ ਪੱਕਾ ਮੋਰਚਾ ਚੱਲ ਰਿਹਾ ਹੈ ਅਤੇ 37 ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ | ਪ੍ਰੰਤੂ ਅਫ਼ਸੋਸ ਦੀ ਗੱਲ ਕਿ ਪੰਜਾਬ ਸਰਕਾਰ 3 ਵਾਰ ਗੱਲਬਾਤ ਤੋਂ ਭੱਜ ਗਈ ਹੈ | ਜਿਸਤੋਂ ਜਾਪਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਬਿਲਕੁਲ ਵੀ ਸੀਰੀਅਸ ਨਹੀਂ ਹੈ | ਜਿਸਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਜਥੇਬੰਦੀ ਦੀ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ ਲੜਾਈ ਲੜਨਗੇ | ਜਥੇਬੰਦੀ ਦੇ ਰੋਡ ਮੈਪ ਅਨੁਸਾਰ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਹ 16 ਮਾਰਚ 2026 ਤੋਂ 19 ਮਾਰਚ 2026 ਤੱਕ ਸੰਸਥਾਵਾਂ ਵਿੱਚ ਹਰ ਰੋਜ਼ ਗੇਟ ਰੈਲੀਆਂ ਕੀਤੀਆਂ ਜਾਣਗੀਆਂ, 20 ਮਾਰਚ 2026 ਨੂੰ ਸੰਸਥਾਵਾਂ ਦੇ ਗੇਟ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ | ਜੇਕਰ ਫਿਰ ਵੀ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਤਾਂ 23 ਮਾਰਚ 2026 ਤੋਂ 27ਮਾਰਚ 2026 ਤੱਕ ਸੰਗਰੂਰ ਧਰਨੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕੀਤੀਆਂ ਜਾਣਗੀਆਂ | ਜਿਸ ਵਿੱਚ ਸੰਗਰੂਰ ਧਰਨੇ ਵਿੱਚ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ, ਸਟੂਡੈਂਟ ਯੂਨੀਅਨਾਂ ਅਤੇ ਪਰਿਵਾਰਾਂ ਸਮੇਤ ਵੱਡਾ ਇਕੱਠ ਕਰਨ ਲਈ ਲਾਮਬੰਦ ਕੀਤਾ ਜਾਵੇਗਾ | 28 ਸੰਗਰੂਰ ਵਿਖੇ ਸੂਬਾ ਪੱਧਰੀ ਵੱਡਾ ਧਰਨਾ ਦੇ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ | 26 ਅਪ੍ਰੈਲ 2026 ਨੂੰ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਦਿੜ੍ਹਬਾ ਵਿਖੇ ਕੀਤਾ ਜਾਵੇਗਾ, 30 ਮਈ 2026 ਨੂੰ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਸੁਨਾਮ ਵਿਖੇ ਕੀਤਾ ਜਾਵੇਗਾ, 28 ਜੂਨ 2026 ਨੂੰ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਦਾ ਗੰਭੀਰਪੁਰ ਵਿਖੇ ਘਿਰਾਓ ਕੀਤਾ ਜਾਵੇਗਾ, ਬਾਅਦ ਵਿਚ ਬਾਕੀ ਮੰਤਰੀਆਂ ਦੇ ਘਰ ਵੀ ਘੇਰੇ ਜਾਣਗੇ | ਜਿਸ ਵਿੱਚ ਪੰਜਾਬ ਦੀਆਂ ਵੱਡੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਖੁੱਲ੍ਹਾ ਸਮਰਥਨ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅਸੀਂ ਇਸ ਸਰਕਾਰ ਵਿੱਚ ਪਿਛਲੇ 4 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਬਾਤ ਰਾਹੀਂ ਕੋਈ ਹੱਲ ਨਿਕਲੇ ਇਸੇ ਦੇ ਚੱਲਦਿਆਂ ਬਹੁਤ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲ ਚੁੱਕੇ ਹਾਂ ਪ੍ਰੰਤੂ ਇਹਨਾਂ ਵਿਚੋਂ ਕਿਸੇ ਨੇ ਵੀ ਸਾਡੀ ਗੱਲ ਉੱਪਰ ਧਿਆਨ ਨਹੀਂ ਦਿੱਤਾ |