30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖ਼ਰੀਦ ਏਜੰਸੀਆਂ ਦੇ ਮਾਪਦੰਡਾਂ 'ਤੇ ਪੂਰਾ ਨਹੀਂ ਉਤਰ ਰਹੀ ਕਣਕ, ਕਿਸਾਨ ਮੰਡੀਆਂ 'ਚ ਹੋ ਰਹੇ ਪ੍ਰੇਸ਼ਾਨ-ਟੀਮਾਂ ਅਨਾਜ ਮੰਡੀਆਂ 'ਚ ਕਰਨਗੀਆਂ ਦੌਰਾ-ਡੀ. ਐੈੱਫ. ਸੀ.

ਅਜੀਤ ਡੈਸਕ 13-04-2026
ਮਾਛੀਵਾੜਾ ਸਾਹਿਬ, 12 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਪਰ ਇਹ ਕਣਕ ਖ਼ਰੀਦ ਏਜੰਸੀਆਂ ਦੇ ਮਾਪਦੰਡਾਂ 'ਤੇ ਖਰੀ ਨਹੀਂ ਉਤਰ ਰਹੀ ਜਿਸ ਕਾਰਨ ਕਿਸਾਨਾਂ ਨੂੰ ਸ਼ੁਰੂਆਤੀ ਦੌਰ ਵਿਚ ਹੀ ਇੰਤਜ਼ਾਰ ਕਰਨਾ ਪੈ ਰਿਹਾ ਹੈ | ਸਥਾਨਕ ਅਨਾਜ ਮੰਡੀ ਵਿਚ ਬੈਠੇ ਪਿੰਡ ਬੁਰਜ ਪਵਾਤ ਦੇ ਕਿਸਾਨ ਦਲੀਪ ਸਿੰਘ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਦਾਅਵੇ ਤਾਂ ਕੀਤੇ ਜਾਂਦੇ ਹਨ ਕਿ 24 ਘੰਟਿਆਂ ਅੰਦਰ ਕਿਸਾਨਾਂ ਦੀ ਫ਼ਸਲ ਵਿਕੇਗੀ ਪਰ ਉਹ ਪਿਛਲੇ 3 ਦਿਨਾਂ ਤੋਂ ਮੰਡੀ ਵਿਚ ਫ਼ਸਲ ਵੇਚਣ ਬੈਠੇ ਹਨ ਪਰ ਖ਼ਰੀਦ ਨਹੀਂ ਹੋ ਰਹੀ | ਦੂਸਰੇ ਪਾਸੇ ਸਰਕਾਰੀ ਖ਼ਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵਲੋਂ ਪੱਤਰ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਗੜੇਮਾਰੀ ਤੇ ਮਾਰਚ ਮਹੀਨੇ ਵਿਚ ਵੱਧ ਤਾਪਮਾਨ ਕਾਰਨ ਕਣਕ ਵਿਚ ਲਸਟਰ ਲਾਸ ਅਤੇ ਇਸ ਦਾ ਦਾਣਾ ਬਹੁਤ ਬਰੀਕ ਹੈ ਜਿਸ ਕਾਰਨ ਕੇਂਦਰ ਸਰਕਾਰ ਟੀਮਾਂ ਭੇਜ ਕੇ ਕਣਕ ਦੇ ਸੈਂਪਲ ਲਵੇ ਅਤੇ ਖ਼ਰੀਦ ਮਾਪਦੰਡਾਂ ਵਿਚ ਰਿਆਇਤ ਦੇਵੇ | ਜ਼ਿਲ੍ਹਾ ਖ਼ੁਰਾਕ ਸਪਲਾਈ ਅਫ਼ਸਰ ਲਖਮੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਖ਼ਰੀਦ ਪ੍ਰਬੰਧਾਂ ਸਬੰਧੀ ਹੀ ਮਾਛੀਵਾੜਾ ਮੰਡੀ ਵਿਖੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਗੜੇਮਾਰੀ ਤੇ ਮਾਰਚ ਮਹੀਨੇ ਦੇ ਵੱਧ ਤਾਪਮਾਨ ਕਾਰਨ ਕਣਕ ਦਾ ਦਾਣਾ ਕੁੱਝ ਖ਼ਰਾਬ ਹੋਇਆ ਹੈ ਜਿਸ ਦੀ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਟੀਮਾਂ ਜਲਦ ਹੀ ਪੁੱਜਣਗੀਆਂ ਅਤੇ ਉਸ ਰਿਪੋਰਟ ਦੇ ਅਧਾਰ 'ਤੇ ਹੀ ਕੇਂਦਰ ਤੇ ਪੰਜਾਬ ਸਰਕਾਰ ਖ਼ਰੀਦ ਪ੍ਰਬੰਧਾਂ ਵਿਚ ਰਿਆਇਤਾਂ ਦਾ ਐਲਾਨ ਕਰਨਗੀਆਂ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ 12 ਫ਼ੀਸਦੀ ਨਮੀ ਵਾਲੀ ਕਣਕ ਤੁਰੰਤ ਖਰੀਦੀ ਜਾਵੇਗੀ ਅਤੇ ਕਿਸਾਨਾਂ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਪ੍ਰਧਾਨ ਮੋਹਿਤ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਆੜ੍ਹਤੀ ਐਡਵੋਕੇਟ ਕਪਿਲ ਆਨੰਦ, ਰਾਜੀਵ ਕੌਸ਼ਲ, ਅਰਵਿੰਦਰਪਾਲ ਵਿੱਕੀ, ਪਰਮਿੰਦਰ ਗੁਲਿਆਣੀ, ਬਲਵਿੰਦਰ ਸਿੰਘ ਮਾਨ, ਹੈਪੀ ਬਾਂਸਲ, ਵਿਨੀਤ ਅਗਰਵਾਲ, ਸਕੱਤਰ ਅਰੁਨਿੰਦਰ ਸਿੰਘ ਮਾਂਗਟ, ਏ. ਐੈੱਫ. ਐੈੱਸ. ਓ. ਬਲਰਾਜ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਪ੍ਰਧਾਨ ਗਿੱਲ ਬੇਰਕਲਾਂ ਅਤੇ ਚੇਅਰਮੈਨ ਕੂਹਲੀ ਦਾ ਆਗੂਆਂ ਵਲੋਂ ਸਨਮਾਨ ਅਗਲੀ ਖ਼ਬਰ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।